ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 5 ਜਨਵਰੀ
ਗੁਰੂ ਘਰ ਦੇ ਇਕ ਸ਼ਰਧਾਲੂ ਪਰਿਵਾਰ ਵੱਲੋਂ ਅੱਜ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਵਿਖੇ ਲੰਗਰ ਵਿਚ ਪ੍ਰਸ਼ਾਦੇ ਤਿਆਰ ਕਰਨ ਵਾਲੀ ਮਸ਼ੀਨ ਭੇਟ ਕੀਤੀ ਗਈ। ਗੁਰਦੁਆਰੇ ਦੇ ਲੰਗਰ ਹਾਲ ਵਿਖੇ ਸਥਾਪਤ ਕੀਤੀ ਇਸ ਮਸ਼ੀਨ ਦੀ ਸ਼ੁਰੂਆਤ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਨੇ ਕੀਤੀ। ਇਸ ਤੋਂ ਪਹਿਲਾਂ ਗ੍ਰੰਥੀ ਭਾਈ ਕੁਲਵਿੰਦਰ ਸਿੰਘ ਨੇ ਅਰਦਾਸ ਕੀਤੀ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਵਿਖੇ ਇਕ ਸੇਵਕ ਪਰਿਵਾਰ ਨੇ ਸੰਗਤ ਦੀ ਵਧਦੀ ਆਮਦ ਦੇ ਮੱਦੇਨਜ਼ਰ ਅੱਜ ਪ੍ਰਸ਼ਾਦੇ ਤਿਆਰ ਕਰਨ ਲਈ ਇਕ ਮਸ਼ੀਨ ਭੇਟ ਕੀਤੀ ਹੈ, ਜੋ ਕਿ ਇਕ ਘੰਟੇ ਵਿਚ ਲਗਪਗ ਚਾਰ ਹਜ਼ਾਰ ਪ੍ਰਸ਼ਾਦੇ ਤਿਆਰ ਕਰਦੀ ਹੈ। ਇਸ ਮੌਕੇ ਉਨ੍ਹਾਂ ਸੇਵਕ ਪਰਿਵਾਰ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਧਾਮੀ ਵੱਲੋਂ ਬਰਤਾਨਵੀ ਮਹਿਲਾ ਸਿੱਖ ਫ਼ੌਜੀ ਅਧਿਕਾਰੀ ਨੂੰ ਵਧਾਈ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬਰਤਾਨਵੀ ਮੂਲ ਦੀ ਸਿੱਖ ਮਹਿਲਾ ਫ਼ੌਜੀ ਅਧਿਕਾਰੀ ਕੈਪਟਨ ਹਰਪ੍ਰੀਤ ਕੌਰ ਚੰਦੀ ਨੂੰ ਉਸ ਵੱਲੋਂ ਕੀਤੀ ਗਈ ਵਿਸ਼ੇਸ਼ ਪ੍ਰਾਪਤੀ ’ਤੇ ਵਧਾਈ ਦਿੱਤੀ ਹੈ। ਕੈਪਟਨ ਹਰਪ੍ਰੀਤ ਕੌਰ ਚੰਦੀ ਨੇ ਦੱਖਣੀ ਧਰੁਵ ਦੀ ਇਕੱਲੇ ਯਾਤਰਾ ਪੂਰੀ ਕਰਨ ਦਾ ਇਤਿਹਾਸ ਰਚਿਆ ਹੈ। ਉਹ ਦੁਨੀਆਂ ਦੀ ਪਹਿਲੀ ਸਿੱਖ ਮਹਿਲਾ ਹੈ, ਜਿਸ ਨੇ ਇਹ ਪ੍ਰਾਪਤੀ ਕੀਤੀ ਹੈ। ਸ੍ਰੀ ਧਾਮੀ ਨੇ ਬਰਤਾਨਵੀ ਸਿੱਖ ਮਹਿਲਾ ਨੂੰ ਸ਼ੁਭਕਾਮਨਾਵਾਂ ਭੇਟ ਕਰਦਿਆਂ ਇਸ ਤੋਂ ਵੀ ਹੋਰ ਵੱਡੀਆਂ ਪ੍ਰਾਪਤੀਆਂ ਕਰਨ ਦੀ ਕਾਮਨਾ ਕੀਤੀ।