ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 11 ਅਕਤੂਬਰ
ਸ਼ਹਿਰ ਵਿੱਚ ਵੱਧ ਰਹੇ ਡੇਂਗੂ ਦੇ ਕੇਸਾਂ ਨਾਲ ਨਿਜੱਠਣ ਲਈ ਉਪ ਮੁੱਖ ਮੰਤਰੀ ਓਪੀ ਸੋਨੀ ਨੇ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਡੇਂਗੂ ਨਾਲ ਕਰੋਨਾ ਦੀ ਤਰ੍ਹਾਂ ਹੀ ਦਿਨ-ਰਾਤ ਇੱਕ ਕਰਕੇ ਨਿਪਟਿਆ ਜਾਵੇ। ਉਨ੍ਹਾਂ ਕਿਹਾ ਕਿ ਸਾਡੇ ਕੋਲ ਸਿਹਤ ਵਿਭਾਗ ਦੇ ਅਮਲੇ ਦੀ ਕੋਈ ਕਮੀ ਨਹੀਂ, ਹਸਪਤਾਲਾਂ ਤੇ ਦਵਾਈਆਂ ਦੀ ਕਮੀ ਨਹੀਂ, ਫਿਰ ਡੇਂਗੂ ਦਾ ਡੰਗ ਸਾਡੇ ਲੋਕਾਂ ਨੂੰ ਕਿਉਂ ਤੰਗ ਕਰੇ? ਸ੍ਰੀ ਸੋਨੀ ਨੇ ਸਿਹਤ ਵਿਭਾਗ ਦੇ ਅਮਲੇ ਨੂੰ ਹਦਾਇਤ ਕੀਤੀ ਕਿ ਸਵੇਰੇ 8 ਵਜੇ ਹਸਪਤਾਲ ਪਹੁੰਚਣਾ ਯਕੀਨੀ ਬਣਾਇਆ ਜਾਵੇ ਅਤੇ ਜੇ ਕਿਧਰੇ ਕੋਈ ਕੁਤਾਹੀ ਹੋਈ ਤਾਂ ਉਹ ਆਪ ਜ਼ਿੰਮੇਵਾਰ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਖ਼ੁਦ ਹਸਪਤਾਲ ਦੀ ਜਾਂਚ ਕਰਨਗੇ ਤੇ ਜੇ ਕਿਧਰੇ ਭ੍ਰਿਸ਼ਟਾਚਾਰ ਦੀ ਬੋਅ ਆਈ ਤਾਂ ਸਬੰਧਤ ਕਰਮਚਾਰੀ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਭਾਵੇਂ ਅੰਮ੍ਰਿਤਸਰ ਵਿੱਚ 700 ਦੇ ਕਰੀਬ ਡੇਂਗੂ ਦੇ ਕੇਸ ਰਿਕਾਰਡ ਹੋਏ ਹਨ, ਪਰ ਇਹ ਰਫ਼ਤਾਰ ਰੋਕਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਇਸ ਵੇਲੇ ਡੇਂਗੂ ਦੇ ਕੇਸਾਂ ਵਿੱਚ ਪੰਜਾਬ ਵਿਚੋਂ ਤੀਸਰੇ ਨੰਬਰ ਉਤੇ ਚੱਲ ਰਿਹਾ ਹੈ ਅਤੇ ਇਸ ਕੜੀ ਨੂੰ ਤੋੜਨ ਲਈ ਟੀਮ ਦੀ ਤਰ੍ਹਾਂ ਕੰਮ ਕਰੋ ਤੇ ਡੇਂਗੂ ਨੂੰ ਹੋਰ ਫੈਲਣ ਤੋਂ ਰੋਕਣ ਲਈ ਇਸ ਦਾ ਲਾਰਵਾ ਖਤਮ ਕਰੋ।
ਇਸ ਮੌਕੇ ਸਿਵਲ ਸਰਜਨ ਦੇ ਦੱਸਿਆ ਕਿ ਸ਼ਹਿਰ ਵਿੱਚ 40 ਅਜਿਹੇ ਇਲਾਕਿਆਂ ਦੀ ਸ਼ਨਾਖਤ ਹੋਈ ਹੈ, ਜਿੱਥੋਂ ਡੇਂਗੂ ਦੇ ਵੱਧ ਕੇਸ ਆ ਰਹੇ ਹਨ ਅਤੇ ਅਸੀਂ ਇਨ੍ਹਾਂ ਇਲਾਕਿਆਂ ਦੀ ਜਾਂਚ ਲਈ ਟੀਮਾਂ ਗਠਿਤ ਕੀਤੀਆਂ ਹਨ, ਜੋ ਕਿ ਬਿਨਾਂ ਕਿਸੇ ਛੁੱਟੀ ਹਰੇਕ ਇਲਾਕੇ ਵਿਚ ਘਰ-ਘਰ ਜਾ ਰਹੀਆਂ ਹਨ।
ਫਤਿਹਗੜ੍ਹ ਚੂੜੀਆਂ (ਹਰਪਾਲ ਸਿੰਘ ਨਾਗਰਾ): ਡੇਂਗੂ ਦੀ ਰੋਕਥਾਮ ਲਈ ਨਗਰ ਕੌਂਸਲ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲੋਕਾਂ ਨੂੰ ਜਾਗਰੂਕ ਕਰਕੇ ਸ਼ਹਿਰ ਵਿਚ ਮੱਛਰਾਂ ਦੇ ਖ਼ਾਤਮੇ ਲਈ ਵਿਸ਼ੇਸ਼ ਫਾਗਿੰਗ ਸ਼ੁਰੂ ਕੀਤੀ ਗਈ ਹੈ। ਐੱਸ.ਐੱਮ.ਓ ਫਤਿਹਗੜ੍ਹ ਚੂੜੀਆਂ ਡਾ. ਲਖਵਿੰਦਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਘਰ-ਘਰ ਜਾ ਕੇ ਡੇਂਗੂ ਦੇ ਬਚਾਅ ਅਤੇ ਸਾਵਧਾਨੀਆਂ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਅਨੇਕਾਂ ਘਰਾਂ ਵਿਚੋਂ ਡੇਂਗੂ ਦੇ ਪੈਦਾ ਹੋ ਰਹੇ ਲਾਰਵੇ ਨੂੰ ਮੌਕੇ ’ਤੇ ਨਸ਼ਟ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਡੇਂਗੂ ਦੀ ਬਿਮਾਰੀ ਤੋਂ ਬਚਾਉਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ।