ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 31 ਅਕਤੂਬਰ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ ਅਤੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰਬਾਲਾ ਦੀ ਅਗਵਾਈ ’ਚ ਜ਼ਿਲ੍ਹਾ ਅੰਮ੍ਰਿਤਸਰ ਦੀ ਆਗੂ ਟੀਮ ਵੱਲੋਂ, ਜਥੇਬੰਦੀ ਦੇ ਸੂਬਾ ਪੱਧਰੀ ਐਲਾਨ ਦੇ ਚੱਲਦੇ ਹੋਏ 26 ਨਵੰਬਰ ਤੋਂ ਡੀ.ਸੀ ਦਫਤਰਾਂ ਅੱਗੇ ਲੱਗਣ ਜਾ ਰਹੇ ਮੋਰਚਿਆਂ ਸੰਬੰਧੀ ਡੀ.ਸੀ, ਐੱਸ.ਐੱਸ.ਪੀ ਅਤੇ ਪੁਲੀਸ ਕਮਿਸ਼ਨਰ ਦਫ਼ਤਰਾਂ ਨੂੰ ਮੰਗ ਪੱਤਰ ਦਿੱਤੇ ਗਏ।
ਇਸ ਮੌਕੇ ਮੀਡੀਆ ਨਾਲ ਗੱਲ ਕਰਦਿਆਂ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਲਗਾਤਾਰ ਆਪਣੇ ਵਾਅਦਿਆਂ ਤੋਂ ਭੱਜ ਰਹੀ ਹੈ ਅਤੇ ਪਿਛਲੀਆਂ ਸਰਕਾਰਾਂ ਤੇ ਇਸ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ’ਤੇ ਕੰਮ ਨਹੀਂ ਕਰ ਰਹੀ। ਪੰਜਾਬ ਦਾ ਕਿਸਾਨ, ਮਜ਼ਦੂਰ ਤੇ ਹੋਰ ਵਰਗਾਂ ਦੀ ਆਰਥਿਕ ਹਾਲਤ ਲਗਾਤਾਰ ਨਿੱਘਰ ਰਹੀ ਹੈ। ਭਗਵੰਤ ਮਾਨ ਦੀ ਸਰਕਾਰ ਨੇ ਲੋਕਾਂ ਨਾਲ ਬਦਲਾਅ ਦੇ ਨਾਂ ਹੇਠ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੋਰਚੇ ਦੀਆਂ ਮੁੱਖ ਮੰਗਾਂ, ਸਰਕਾਰ ਪੰਜਾਬ ਦੇ ਹੇਠਾਂ ਜਾ ਰਹੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਪਾਲਸੀ ਬਣਾਵੇ, ਖੇਤੀ ਵਿਭਿਨਤਾ ਅਤੇ ਕਿਸਾਨਾਂ ਨੂੰ ਕਣਕ ਝੋਨੇ ਦੇ ਗੇੜ ਚੋ ਕੱਢਣ ਲਈ ਤੇਲ ਬੀਜ਼ਾਂ, ਦਾਲਾਂ ਆਦਿ 23 ਫਸਲਾਂ ਦੇ ਰੇਟ ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਲਾਗਤ+50% ਅਨੁਸਾਰ ਦਿੱਤੇ ਜਾਣ, ਮਜ਼ਦੂਰਾਂ ਦੇ ਮਨਰੇਗਾ ਤਹਿਤ ਕੀਤੇ ਕੰਮ ਦੇ ਬਕਾਇਆ ਮਿਹਨਤਾਨੇ ਜਾਰੀ ਕੀਤੇ ਜਾਣ, ਮਨਰੇਗਾ ਤਹਿਤ 365 ਦਿਨ ਰੁਜ਼ਗਾਰ ਦਿੱਤਾ ਜਾਵੇ, ਦਿੱਲੀ ਮੋਰਚੇ ਤੇ ਪਹਿਲੇ ਮੋਰਚਿਆਂ ਵਿੱਚ ਸ਼ਹੀਦ ਕਿਸਾਨਾਂ-ਮਜ਼ਦੂਰਾਂ ਦੇ ਪਰਿਵਾਰਾਂ ਲਈ ਐਲਾਨੇ ਮੁਆਵਜ਼ੇ ਤੇ ਨੌਕਰੀ ਦਿੱਤੀ ਜਾਵੇ, ਨਹਿਰੀ ਤੇ ਦਰਿਆਈ ਪਾਣੀਆਂ ਤੇ ਕਾਰਪੋਰੇਟ ਘਰਾਣਿਆਂ ਦਾ ਕਬਜ਼ੇ ਕਰਵਾਉਣ ਵਾਲੀਆਂ ਨੀਤੀਆਂ ਵਾਪਿਸ ਲਈਆਂ ਜਾਣ, ਪੜ੍ਹੇ ਲਿਖੇ ਬੇਰੁਜ਼ਗਾਰ ਨੌਜ਼ਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ, ਬੇਲਗਾਮ ਨਸ਼ਾ ਮਾਫੀਆਂ ’ਤੇ ਕਾਬੂ ਪਾਇਆ ਜਾਵੇ, ਦਿੱਲੀ ਅਤੇ ਹੋਰ ਮੋਰਚਿਆਂ ਦੌਰਾਨ ਕਿਸਾਨਾਂ ਮਜ਼ਦੂਰਾਂ ’ਤੇ ਪਾਏ ਕੇਸ ਖਾਰਿਜ਼ ਕੀਤੇ ਜਾਣ ਆਦਿ ਮੰਗਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਕੱਲ੍ਹ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਕਰਕੇ 26 ਨਵੰਬਰ ਦੀਆਂ ਜ਼ੋਰਦਾਰ ਤਿਆਰੀਆਂ ਪਿੰਡ ਪੱਧਰ ’ਤੇ ਸ਼ੁਰੂ ਕਰਨ ਦੇ ਪ੍ਰੋਗਰਾਮ ਬਣਾ ਦਿੱਤੇ ਜਾਣਗੇ। ਇਸ ਮੌਕੇ ਜ਼ਿਲ੍ਹਾ ਆਗੂ ਬਲਦੇਵ ਸਿੰਘ ਬੱਗਾ, ਜ਼ਿਲ੍ਹਾ ਪ੍ਰੈਸ ਸਕੱਤਰ ਕੰਵਰਦਲੀਪ ਸੈਦੋਲੇਹਲ, ਰਣਜੀਤ ਸਿੰਘ ਚਾਟੀਵਿੰਡ ਤੇ ਹੋਰ ਆਗੂ ਹਾਜ਼ਰ ਰਹੇ।