ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 16 ਮਾਰਚ
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਇਸ ਵਾਰ ਕਰਵਾਏ ਫੁੱਲਾਂ ਦੇ ਮੇਲੇ ਦਾ ਤਾਜ ਬੀਬੀਕੇਡੀਏਵੀ ਕਾਲਜ ਫਾਰ ਵਿਮੈਨ, ਅੰਮ੍ਰਿਤਸਰ ਦੇ ਸਿਰ ਸਜਿਆ ਹੈ। ਉਨ੍ਹਾਂ ਵੱਖ-ਵੱਖ ਵੰਨਗੀਆਂ ਵਿਚੋਂ ਸਭ ਤੋਂ ਵੱਧ ਪੁਜੀਸ਼ਨਾਂ ਹਾਸਲ ਕਰ ਕੇ ਇਹ ਖਿਤਾਬ ਹਾਸਲ ਕੀਤਾ ਹੈ।
ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ, ਪ੍ਰੋ. ਅਨੀਸ਼ ਦੂਆ ਵੱਲੋਂ ਬੀਬੀਕੇਡੀਏਵੀ ਦੀ ਟੀਮ ਨੂੰ ਵਧਾਈਆਂ ਦਿੱਤੀਆਂ ਅਤੇ ਉਚੇਚੇ ਤੌਰ ’ਤੇ ਸਨਮਾਨਿਆ। ਉਨ੍ਹਾਂ ਸਮਾਗਮ ਵਿਚ ਹਿੱਸਾ ਲੈਣ ਵਾਲੇ ਸਕੂਲਾਂ, ਕਾਲਜਾਂ ਅਤੇ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੂੰ ਕਿਹਾ ਕਿ ਉਹ ਯੂਨੀਵਰਸਿਟੀ ਤੋਂ ਸੰਦੇਸ਼ ਲੈ ਕੇ ਜਾਣ ਕਿ ਉਨ੍ਹਾਂ ਨੇ ਵਿਦਿਆਰਥੀ ਵਾਤਾਵਰਨ ਪ੍ਰਤੀ ਜਾਗਰੂਕਤਾ ਨੂੰ ਵਧਾਉਣ ਲਈ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਣਗੇ। ਉਨ੍ਹਾਂ ਇਸ ਮੌਕੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਖ਼ਾਲਸਾ ਕਾਲਜ, ਅੰਮ੍ਰਿਤਸਰ ਅਤੇ ਤੀਜੇ ਸਥਾਨ ’ਤੇ ਰਹਿਣ ਵਾਲੇ ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ, ਅੰਮ੍ਰਿਤਸਰ ਨੂੰ ਵੀ ਵਧਾਈਆਂ ਦਿੱਤੀਆਂ। ਹੋਰ ਵੱਖ-ਵੱਖ ਫੁੱਲਾਂ ਦੀਆਂ ਕਿਸਮਾਂ ਵਿੱਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲਿਆਂ ਨੂੰ ਵੀ ਸਨਮਾਨਿਆ ਗਿਆ।
ਰੰਗੋਲੀ ਵਿਚ ਪਹਿਲਾ ਸਥਾਨ ਗੁਰੂ ਹਰਿ ਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ ਅਤੇ ਦੂਜਾ ਸਥਾਨ ਖਾਲਸਾ ਕਾਲਜ ਫਾਰ ਵਿਮੈਨ ਅੰਮ੍ਰਿਤਸਰ ਨੇ ਹਾਸਲ ਕੀਤਾ। ਰੰਗੋਲੀ ਵਿਦ ਆਰਟੀਫਿਸ਼ੀਅਲ ਮੈਟੀਰੀਅਲ ਵਿਚ ਪਹਿਲਾ ਸਥਾਨ ਅਨਮੋਲ ਪ੍ਰੀਤ ਕੌਰ ਖਾਲਸਾ ਕਾਲਜ ਅੰਮ੍ਰਿਤਸਰ ਅਤੇ ਦੂਜੇ ਸਥਾਨ ’ਤੇ ਰੀਚਾ, ਬੋਟੈਨੀਕਲ ਸਾਇੰਸਜ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਤੀਜੇ ਸਥਾਨ ’ਤੇ ਅਵੀਨੀਤ ਕੌਰ ਖਾਲਸਾ ਕਾਲਜ ਪਬਲਿਕ ਸਕੂਲ ਅੰਮ੍ਰਿਤਸਰ ਰਹੇ।
ਯੂਨੀਵਰਸਿਟੀ ਦੇ ਇਸ ਅੱਠਵੇਂ ਫੁੱਲਾਂ ਦੇ ਮੇਲੇ ਵਿਚ ਵੱਖ-ਵੱਖ ਪੁਜੀਸ਼ਨਾਂ ਹਾਸਲ ਕਰਨ ਤੋਂ ਇਲਾਵਾ ਹਿੱਸਾ ਲੈਣ ਵਾਲਿਆਂ ਨੂੰ ਵੀ ਸਰਟੀਫਿਕੇਟ ਦਿੱਤੇ ਗਏ। ਮਾਲੀਆਂ ਦੀ ਮਿਹਨਤ ਦੀ ਬਦੌਲਤ ਪੂਰੀ ਯੂਨੀਵਰਸਿਟੀ ਵਿਚ ਵੱਖ-ਵੱਖ ਤਰ੍ਹਾਂ ਦੇ ਖਿੜੇ ਫੁੱਲਾਂ ਕਰ ਕੇ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ। ਤਿੰਨ ਰੋਜ਼ਾ ਸਪਰਿੰਗ ਫੈਸਟੀਵਲ ਅੱਜ ਇੱਥੇ ਭਾਂਤ-ਭਾਂਤ ਦੇ ਫੁੱਲਾਂ ਦੀਆਂ ਮਹਿਕਾਂ ਵੰਡਦਾ ਹੋਇਆ ਸਮਾਪਤ ਹੋ ਗਿਆ।
ਇਨ੍ਹਾਂ ਤਿੰਨ ਦਿਨਾਂ ਦੌਰਾਨ ਯੂਨੀਵਰਸਿਟੀ ਦਾ ਵਿਹੜਾ ਤਰ੍ਹਾਂ-ਤਰ੍ਹਾਂ ਦੀਆਂ ਮਹਿਕਾਂ ਅਤੇ ਵੱਖਰੇ-ਵੱਖਰੇ ਰੰਗਾਂ ਨਾਲ ਗੁਲਜ਼ਾਰ ਰਿਹਾ। ਇਸ ਮੌਕੇ ਵੱਖ ਵੱਖ ਕਿਸਮ ਦੇ ਗ਼ਮਲੇ, ਸਟੀਲ ਦੇ ਸਟੈਂਡ, ਬਾਗ਼ਬਾਨੀ ਵਿਚ ਇਸਤੇਮਾਲ ਕੀਤੇ ਜਾਣ ਵਾਲੇ ਸੰਦਾਂ ਤੋਂ ਇਲਾਵਾ ਕੁਦਰਤੀ ਸ਼ਹਿਦ ਦੇ ਸਟਾਲ ਵੀ ਲਾਏ ਗਏ।
ਫੈਸਟੀਵਲ ਦੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਡੀਨ ਵਿਦਿਆਰਥੀ ਭਲਾਈ, ਪ੍ਰੋ. ਅਨੀਸ਼ ਦੂਆ ਨੇ ਕੀਤੀ। ਡਾ. ਬਿਲਗਾ ਨੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਯੂਨੀਵਰਸਿਟੀ ਦੇ ਹੌਰਟੀਕਲਚਰ ਕੰਸਲਟੈਂਟ ਡਾ. ਜੇਐਸ ਬਿਲਗਾ ਨੇ ਯੂਨੀਵਰਸਿਟੀ ਵਿਚ ਚੱਲ ਰਹੇ ਫੁੱਲਾਂ ਦੇ ਮੇਲੇ ਬਾਰੇ ਜਾਣਕਾਰੀ ਦਿੱਤੀ।