ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 22 ਮਈ
ਪੁਲੀਸ ਨੇ ਵੱਖ-ਵੱਖ ਕੇਸਾਂ ਵਿਚ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਪੰਜ ਹਜ਼ਾਰ ਨਸ਼ੇ ਦੀਆਂ ਗੋਲੀਆਂ, ਪਿਸਤੌਲ, ਡਰੱਗ ਮਨੀ ਅਤੇ ਖੋਹੇ ਹੋਏ ਪੰਜ ਮੋਬਾਈਲ ਫੋਨ ਬਰਾਮਦ ਕੀਤੇ ਹਨ। ਪੁਲੀਸ ਕਮਿਸ਼ਨਰ ਅਰੁਣਪਾਲ ਸਿੰਘ ਨੇ ਦੱਸਿਆ ਕਿ ਥਾਣਾ ਸੁਲਤਾਨਵਿੰਡ ਦੀ ਪੁਲੀਸ ਨੇ ਇਕ ਪ੍ਰਿੰਸਜੀਤ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਕੋਲੋਂ ਪੰਜ ਹਜ਼ਾਰ ਨਸ਼ੀਲੀਆਂ ਗੋਲੀਆਂ, ਪਿਸਤੌਲ ਤੇ ਚਾਰ ਕਾਰਤੂਸ, 40 ਹਜ਼ਾਰ ਰੁਪਏ ਡਰੱਗ ਮਨੀ ਤੇ ਇੱਕ ਕਾਰ ਬਰਾਮਦ ਹੋਈ ਹੈ। ਪੁਲੀਸ ਨੇ ਇਸ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਥਾਣਾ ਇਸਲਾਮਾਬਾਦ ਹੇਠ ਆਉਂਦੀ ਚੌਕੀ ਫਤਾਹਪੁਰ ਦੀ ਪੁਲੀਸ ਨੇ ਦੋ ਜਣਿਆਂ ਸੂਜਲ ਅਤੇ ਸ਼ਕਤੀ ਨੂੰ ਗ੍ਰਿਫ਼ਤਾਰ ਕਰ ਕੇ ਸੱਤ ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਥਾਣਾ ਛੇਹਰਟਾ ਦੀ ਪੁਲੀਸ ਨੇ ਹਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਦਸ ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸੇ ਤਰ੍ਹਾਂ ਸੀਆਈਏ ਸਟਾਫ ਵਲੋਂ ਗੁਰਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ ਪੰਜ ਮੋਬਾਈਲ ਫੋਨ ਬਰਾਮਦ ਕੀਤੇ ਹਨ। ਉਸ ਖ਼ਿਲਾਫ਼ ਥਾਣਾ ਮਕਬੂਲਪੁਰਾ ਵਿਚ ਆਈਪੀਸੀ ਦੀ ਧਾਰਾ 379 ਹੇਠ ਕੇਸ ਦਰਜ ਕੀਤਾ ਹੈ।
ਐਸਟੀਐਫ ਵੱਲੋਂ ਸਾਢੇ ਤਿੰਨ ਕਿਲੋ ਹੈਰੋਇਨ ਬਰਾਮਦ
ਪੰਜਾਬ ਪੁਲੀਸ ਦੀ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਨੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰ ਕੇ ਇਨ੍ਹਾਂ ਕੋਲੋਂ ਸਾਢੇ ਤਿੰਨ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਮੁਲਜ਼ਮਾਂ ਦੀ ਸ਼ਨਾਖ਼ਤ ਅਮਰੀਕ ਸਿੰਘ, ਉਸ ਦਾ ਪੁੱਤਰ ਪ੍ਰਭਦੀਪ ਸਿੰਘ ਅਤੇ ਸਰਬਜੀਤ ਸਿੰਘ ਵਜੋਂ ਹੋਈ ਹੈ। ਅਮਰੀਕ ਸਿੰਘ ਇੱਥੇ ਹਾਲ ਗੇਟ ਨੇੜੇ ਫਲਾਂ ਦੀ ਦੁਕਾਨ ਚਲਾਉਂਦਾ ਹੈ। ਸਰਬਜੀਤ ਸਿੰਘ ਨੂੰ ਹਵਾਲਾ ਨਾਲ ਸਬੰਧਿਤ ਵੀ ਦੱਸਿਆ ਗਿਆ ਹੈ। ਐਸਟੀਐਫ ਦੇ ਏਆਈਜੀ ਰਸ਼ਪਾਲ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਅਗਾਊਂ ਸੂਚਨਾ ਦੇ ਆਧਾਰ ’ਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧ ਵਿਚ ਐਨਡੀਪੀਐਸ ਐਕਟ ਹੇਠ ਕੇਸ ਦਰਜ ਕੀਤਾ ਗਿਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।