ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 6 ਸਤੰਬਰ
ਇੱਥੇ ਤਰਨ ਤਾਰਨ ਰੋਡ ਦੀ ਗੁਰੂ ਰਾਮਦਾਸ ਮਾਰਕੀਟ ਵਿੱਚ ਸਕੂਟਰ ਮਕੈਨਿਕ ਜਸਪਾਲ ਸਿੰਘ ਦੀ ਹੱਤਿਆ ਦੇ ਮਾਮਲੇ ਵਿੱਚ ਪੁਲੀਸ ਨੇ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਸ਼ਨਾਖਤ ਹਰਪ੍ਰੀਤ ਸਿੰਘ ਉਰਫ ਹੈਪੀ ਵਾਸੀ ਪਿੰਡ ਚੁਗਾਵਾਂ, ਗੁਰਜਿੰਦਰ ਸਿੰਘ ਉਰਫ ਗੁਰੀ ਪਿੰਡ ਜਾਮਾਰਾਏ, ਸ਼ਮਸ਼ੇਰ ਸਿੰਘ ਉਰਫ ਸ਼ੇਰਾ ਅਤੇ ਜਤਿੰਦਰ ਸਿੰਘ ਵਾਸੀ ਪਿੰਡ ਕੋਹਾਲਾ ਵਜੋਂ ਹੋਈ ਹੈ। ਇਨ੍ਹਾਂ ਵਿੱਚੋਂ ਗੁਰੀ ਇੱਥੇ ਸਕੂਟਰ ਮਕੈਨਿਕ ਜਸਪਾਲ ਸਿੰਘ ਦੀ ਕਿਰਾਏ ’ਤੇ ਲਈ ਦੁਕਾਨ ਉੱਪਰ ਮਕਾਨ ਵਿੱਚ ਰਹਿੰਦਾ ਸੀ।
ਪੁਲੀਸ ਦੇ ਵਧੀਕ ਡਿਪਟੀ ਕਮਿਸ਼ਨਰ ਮਹਿਤਾਬ ਸਿੰਘ ਨੇ ਦੱਸਿਆ ਕਿ ਸਕੂਟਰ ਮਕੈਨਿਕ ਦੇ ਇਸ ਇਮਾਰਤ ਵਿੱਚ ਰਹਿੰਦੀ ਔਰਤ ਨਾਲ ਸਬੰਧ ਸਨ। ਇੱਥੇ ਹੀ ਮਕਾਨ ਵਿੱਚ ਰਹਿੰਦਾ ਗੁਰੀ ਵੀ ਉਸ ਔਰਤ ਨਾਲ ਸਬੰਧ ਬਣਾਉਣ ਦਾ ਇੱਛੁਕ ਸੀ ਅਤੇ ਉਹ ਜਸਪਾਲ ਨੂੰ ਰੋਕਦਾ ਸੀ। ਇਸੇ ਮਾਮਲੇ ਨੂੰ ਲੈ ਕੇ ਕੁਝ ਦਿਨ ਪਹਿਲਾਂ ਉਨ੍ਹਾਂ ਦਾ ਝਗੜਾ ਵੀ ਹੋਇਆ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਗੁਰੀ ਅਤੇ ਉਸਦੇ ਸਾਥੀਆਂ ਨੇ ਇਸ ਮਾਮਲੇ ਵਿੱਚ ਸਕੂਟਰ ਮਕੈਨਿਕ ਨੂੰ ਸਬਕ ਸਿਖਾਉਣ ਦਾ ਫ਼ੈਸਲਾ ਕੀਤਾ ਅਤੇ ਐਤਵਾਰ ਦੀ ਸ਼ਾਮ ਉਨ੍ਹਾਂ ਤੇਜ਼ਧਾਰ ਹਥਿਆਰਾਂ ਨਾਲ ਉਸ ’ਤੇ ਹਮਲਾ ਕਰ ਦਿੱਤਾ । ਇਸ ਹਮਲੇ ਵਿੱਚ ਸਕੂਟਰ ਮਕੈਨਿਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਗ੍ਰਿਫ਼ਤਾਰ ਕੀਤੇ ਇਨ੍ਹਾਂ ਵਿਅਕਤੀਆਂ ਕੋਲੋਂ ਹਮਲੇ ਲਈ ਵਰਤੇ ਹਥਿਆਰ ਬਰਾਮਦ ਕਰ ਲਏ ਹਨ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।