ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 3 ਜਨਵਰੀ
ਜ਼ਿਲ੍ਹਾ ਪੁਲੀਸ ਦੇ ਸੀਆਈਏ ਸਟਾਫ਼ ਨੇ ਏਟੀਐੱਮ ਲੁੱਟਣ ਦੀ ਸਾਜਿਸ਼ ਰਚਣ ਦੇ ਦੋਸ਼ ਹੇਠ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਏਟੀਐੱਮ ਤੋੜਨ ਲਈ ਵਰਤਿਆ ਜਾਣ ਵਾਲਾ ਸਾਮਾਨ ਵੀ ਬਰਾਮਦ ਕੀਤਾ ਗਿਆ ਹੈ। ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਹਰਜਿੰਦਰ ਸਿੰਘ ਉਰਫ ਜਿੰਦਰ, ਵਰਿੰਦਰ ਸਿੰਘ ਉਰਫ ਵਿੰਦਰ, ਗੁਰਸੇਵਕ ਸਿੰਘ ਅਤੇ ਗੁਰਜੀਤ ਸਿੰਘ ਉਰਫ ਸੋਨੂੰ ਵਜੋਂ ਹੋਈ ਹੈ। ਇਹ ਸਾਰੇ 23 ਤੋਂ 31 ਵਰ੍ਹਿਆਂ ਦੀ ਉਮਰ ਦੇ ਹਨ। ਇਨ੍ਹਾਂ ਦਾ ਇਕ ਸਾਥੀ ਸੁਰਿੰਦਰ ਸਿੰਘ ਮੌਕੇ ਤੋਂ ਭੱਜਣ ਵਿੱਚ ਸਫ਼ਲ ਹੋ ਗਿਆ। ਪੁਲੀਸ ਨੇ ਮੁਲਜ਼ਮਾਂ ਕੋਲੋਂ ਗੈਸ ਸਿਲੰਡਰ, ਗੈਸ ਕਟਰ, ਏਟੀਐੱਮ ਦੇ ਕੈਮਰੇ ’ਤੇ ਮਾਰਨ ਵਾਲਾ ਕਾਲਾ ਰੰਗ, ਲੋਹੇ ਦਾ ਦਾਤਰ ਤੇ ਰੌਡ, ਪਲਾਸ, ਪੇਚਕਸ ਆਦਿ ਸਾਮਾਨ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ ਇਕ ਬਿਨਾ ਨੰਬਰ ਵਾਲੀ ਕਾਰ ਵੀ ਮੁਲਜ਼ਮਾਂ ਕੋਲੋਂ ਬਰਾਮਦ ਕੀਤੀ ਗਈ ਹੈ, ਜਿਸ ਵਿਚ ਇਹ ਸਾਰੇ ਸਵਾਰ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਸੰਨ ਸਾਹਿਬ ਰੋਡ ਨੇੜੇ ਮੀਰੀ-ਪੀਰੀ ਚੌਕ ਕੋਲ ਇਕ ਨਾਕੇ ਦੌਰਾਨ ਕਾਬੂ ਕੀਤਾ ਗਿਆ ਹੈ। ਪੁਲੀਸ ਨੇ ਅਗਾਊਂ ਸੂਚਨਾ ਦੇ ਆਧਾਰ ’ਤੇ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਜਦੋਂ ਇਕ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਕਾਰ ਵਿੱਚੋਂ ਉਤਰ ਕੇ ਇਕ ਵਿਅਕਤੀ ਭੱਜਣ ਵਿਚ ਸਫਲ ਹੋ ਗਿਆ ਜਦੋਂਕਿ ਬਾਕੀ ਚਾਰ ਜਣਿਆਂ ਨੂੰ ਪੁਲੀਸ ਨੇ ਕਾਬੂ ਕਰ ਲਿਆ। ਮੁਲਜ਼ਮਾਂ ਕਾਰ ਦੀ ਡਿੱਕੀ ਵਿੱਚ ਰੱਖਿਆ ਏਟੀਐੱਮ ਕੱਟਣ ਦਾ ਸਾਮਾਨ ਵੀ ਬਰਾਮਦ ਕੀਤਾ ਗਿਆ। ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁੱਛਗਿਛ ਦੌਰਾਨ ਖੁਲਾਸਾ ਹੋਇਆ ਕਿ ਮੁਲਜ਼ਮਾਂ ਨੇ ਏਟੀਐੱਮ ਲੁੱਟਣ ਲਈ ਗਰੋਹ ਬਣਾਇਆ ਸੀ, ਜਿਸ ਵਿੱਚ ਸ਼ਾਮਲ ਹਰਜਿੰਦਰ ਸਿੰਘ ਗੈਸ ਵੈਲਡਿੰਗ ਦਾ ਕੰਮ ਕਰਦਾ ਹੈ। ਉਸ ਨੇ ਸੋਸ਼ਲ ਮੀਡੀਆ ਰਾਹੀਂ ਏਟੀਐਮ ਦੀ ਭੰਨ੍ਹਤੋੜ ਕਰਨ ਅਤੇ ਕੱਟਣ ਦੇ ਤਰੀਕੇ ਬਾਰੇ ਸਿਖਲਾਈ ਲੈਣ ਤੋਂ ਬਾਅਦ ਮੁਲਜ਼ਮਾਂ ਨੇ ਕੁਕੜਾਂਵਾਲਾ, ਰਾਜਾਸਾਂਸੀ, ਛੇਹਰਟਾ, ਤਰਨ ਤਾਰਨ, ਸਰਾਏ ਅਮਾਨਤ ਖਾਂ, ਵਰਪਾਲ ਅਤੇ ਢੰਡ ਕਸੇਲ ਦੇ ਇਲਾਕਿਆਂ ਵਿੱਚ ਆਉਂਦੇ ਏਟੀਐੱਮਜ਼ ਦੀ ਰੈਕੀ ਕੀਤੀ। ਅਧਿਕਾਰੀ ਨੇ ਆਖਿਆ ਕਿ ਹੁਣ ਮੁਲਜ਼ਮ ਢੰਡ ਕਸੇਲ ਵਿੱਚ ਬਣੇ ਏਟੀਐੱਮ ਨੂੰ ਲੁੱਟਣ ਲਈ ਜਾ ਰਹੇ ਸਨ ਪਰ ਰਸਤੇ ਵਿੱਚ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।