ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 19 ਮਾਰਚ
ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਬਸੰਤ ਬਹਾਰ ਫਲਾਵਰ ਅਤੇ ਫਲਾਵਰ-ਪਲਾਂਟ ਸ਼ੋਅ ਦੀ ਓਵਰਆਲ ਟਰਾਫੀ ਐੱਚਐੱਮਵੀ ਕਾਲਜ ਜਲੰਧਰ ਨੇ ਗਿਆਰ੍ਹਾਂ ਵੱਖ-ਵੱਖ ਵਰਗਾਂ ਵਿਚ ਪਹਿਲੇ ਸਥਾਨ ’ਤੇ ਰਹਿ ਕੇ ਜਿੱਤੀ, ਜਦੋਂ ਕਿ ਦੂਜਾ ਸਥਾਨ ਖਾਲਸਾ ਕਾਲਜ ਆਫ ਐਜੂਕੇਸ਼ਨ ਅਤੇ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਅੰਮ੍ਰਿਤਸਰ ਨੇ ਸਾਂਝੇ ਤੌਰ ’ਤੇ ਹਾਸਲ ਕੀਤਾ ਹੈ। ਜੇਤੂਆਂ ਨੂੰ ਸਰਟੀਫਿਕੇਟ ਅਤੇ ਟਰਾਫੀਆਂ ਅੱਜ ਬੋਟੇਨੀਕਲ ਅਤੇ ਇਨਵਾਇਰਮੈਂਟ ਸਾਇੰਸਜ਼ ਦੇ ਪ੍ਰੋਫੈਸਰ ਅਵਿਨਾਸ਼ ਨਾਗਪਾਲ ਨੇ ਦਿੱਤੀਆਂ। ਇਸ ਮੌਕੇ ਉਨ੍ਹਾਂ ਦੇ ਨਾਲ ਡਾ. ਜਤਿੰਦਰ ਕੌਰ ਅਤੇ ਡਾ. ਰਾਜਿੰਦਰ ਕੌਰ ਤੋਂ ਇਲਾਵਾ ਯੂਨੀਵਰਸਿਟੀ ਦੇ ਹੋਰ ਅਧਿਆਪਕ ਹਾਜ਼ਰ ਸਨ। ਇਸ ਮੁਕਾਬਲੇ ਵਿਚ ਵੱਖ-ਵੱਖ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਵੱਲੋਂ ਕਾਫ਼ੀ ਉਤਸ਼ਾਹ ਨਾਲ ਹਿੱਸਾ ਲਿਆ। ਰੰਗੋਲੀ ਵਿੱਚ ਪਹਿਲਾ ਇਨਾਮ ਬਲਜੀਤ ਸਿੰਘ ਏਪੀਜੇ ਕਾਲਜ ਜਲੰਧਰ ਨੇ ਪ੍ਰਾਪਤ ਕੀਤਾ। ਇਸ ਫਲਾਵਰ ਸ਼ੋਅ ਦੇ ਹੋਰ ਜੇਤੂਆਂ ਵਿਚ ਕੇਐੱਮਵੀ ਕਾਲਜ ਜਲੰਧਰ, ਏਪੀ ਕਾਲਜ ਜਲੰਧਰ, ਖਾਲਸਾ ਕਾਲਜ ਫਾਰ ਵਿਮੈਨ ਅੰਮ੍ਰਿਤਸਰ ਵੀ ਸ਼ਾਮਲ ਹਨ।