ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 15 ਦਸੰਬਰ
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਸ਼ੁਰੂ ਹੋਏ ਫੁੱਲਾਂ ਦੇ ਮੇਲੇ ਨੂੰ ਵੇਖਣ ਲਈ ਕੁਦਰਤ ਪ੍ਰੇਮੀਆਂ ਦੀ ਆਵਾਜਾਈ ਸ਼ੁਰੂ ਹੋ ਗਈ ਹੈ। ਸਵੇਰ ਤੋਂ ਹੀ ਪੰਜਾਬ ਭਰ ਵਿੱਚੋਂ ਜਿੱਥੇ ਵੱਖ-ਵੱਖ ਕਾਲਜਾਂ, ਸਕੂਲਾਂ ਤੇ ਨਰਸਰੀਆਂ ਵਾਲਿਆਂ ਨੇ ਸੋਹਣੇ-ਸੋਹਣੇ ਗਮਲਿਆਂ ਵਿੱਚ ਸਜੇ ਵੱਖ-ਵੱਖ ਵੰਨਗੀਆਂ ਦੇ ਫੁੱਲਾਂ ਅਤੇ ਪੌਦਿਆਂ ਨੂੰ ਸਜਾਉਣਾ ਸ਼ੁਰੂ ਕਰ ਦਿੱਤਾ, ਉੱਥੇ ਇਸ ਵਾਰ ਫੁੱਲਾਂ ਦੀ ਪ੍ਰਦਰਸ਼ਨੀ ਵਿੱਚ ’ਚ ਹੋਣ ਵਾਲੇ ਮੁਕਾਬਲਿਆਂ ਲਈ ਕੁਦਰਤ ਪ੍ਰੇਮੀਆਂ ਵੱਲੋਂ 532 ਐਂਟਰੀਆਂ ਦਰਜ ਕਰਵਾਈਆਂ ਗਈਆਂ, ਜਿਨ੍ਹਾਂ ਵਿੱਚ 45 ਗੁਲਦਾਊਦੀਆਂ, 38 ਇਨਡੋਰ ਪਲਾਂਟ ਅਤੇ 22 ਕੈਕਟਸ ਐਂਟਰੀਆਂ ਸ਼ਾਮਲ ਹਨ। ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਅਤੇ ਕੁਦਰਤ ਪ੍ਰੇਮੀ ਕਵੀ ਭਾਈ ਵੀਰ ਸਿੰਘ ਨੂੰ ਸਮਰਪਿਤ ਕਰਵਾਏ ਜਾ ਰਹੇ ਇਸ ਮੇਲੇ ਵਿੱਚ ਇਸ ਵਾਰ ਉਨ੍ਹਾਂ ਦੀਆਂ ਕਵਿਤਾਵਾਂ ਵੀ ਮੇਲੇ ਦਾ ਹਿੱਸਾ ਬਣੀਆਂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਵਿਹੜੇ ਵਿੱਚ ਲੱਗੇ ਇਸ ਫੁੱਲਾਂ ਦੇ ਮੇਲੇ ਨੇ ਯੂਨੀਵਰਸਿਟੀ ਦੇ ਚੌਗਿਰਦੇ ਨੂੰ ਮਹਿਕਾ ਦਿੱਤਾ ਹੈ। ਸਲਾਹਕਾਰ ਬਾਗਬਾਨੀ ਡਾ. ਜਸਵਿੰਦਰ ਸਿੰਘ ਬਿਲਗਾ ਨੇ ਦੱਸਿਆ ਕਿ ਵਾਈਸ ਚਾਂਸਲਰ, ਪ੍ਰੋ. ਡਾ. ਜਸਪਾਲ ਸਿੰਘ ਸੰਧੂ ਦੇ ਯਤਨਾਂ ਸਦਕਾ 2017 ਤੋਂ ਫੁੱਲਾਂ ਦੇ ਮੇਲੇ ਕਰਵਾਉਣ ਦਾ ਉਪਰਾਲਾ ਕੀਤਾ ਗਿਆ ਸੀ। ਇਸ ਮੌਕੇ ਯੂਨੀਵਰਸਿਟੀ ਦੇ ਲੈਂਡਸਕੇਪ ਅਫ਼ਸਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਯੂਨੀਵਰਸਿਟੀ ਕੈਂਪਸ ਨੂੰ ਹਰਿਆ ਭਰਿਆ ਕਰਨ ਲਈ ਵਚਨਬੱਧ ਹੈ ਅਤੇ ਲੋਕਾਂ ਵਿੱਚ ਵੀ ਜਾਗਰੂਕਤਾ ਲਿਆਉਣ ਦੇ ਮੰਤਵ ਨਾਲ ਹੀ ਯੂਨੀਵਰਸਿਟੀ ਵਿੱਚ ਹਰ ਸਾਲ ਦੋ ਫੁੱਲਾਂ ਦੇ ਮੇਲੇ ਲਾਏ ਜਾਂਦੇ ਹਨ।