ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 18 ਜਨਵਰੀ
ਚੋਣਾਂ ਦੇ ਮੱਦੇਨਜ਼ਰ ਅੱਜ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਪੁਲੀਸ ਨੇ ਫਲੈਗ ਮਾਰਚ ਕੀਤਾ। ਫਲੈਗ ਮਾਰਚ ਵਿਚ ਪੰਜਾਬ ਪੁਲੀਸ ਦੇ ਜਵਾਨਾਂ ਦੇ ਨਾਲ ਨੀਮ ਫੌਜੀ ਬਲ ਦੇ ਜਵਾਨ, ਸਵੈਟ ਟੀਮਾਂ ਅਤੇ ਕਮਾਂਡੋ ਦਸਤੇ ਸ਼ਾਮਲ ਸਨ। ਡੀਸੀਪੀ ਪਰਮਿੰਦਰ ਸਿੰਘ ਭੰਡਾਲ ਦੀ ਅਗਵਾਈ ਹੇਠ ਜ਼ੋਨ-1 ਦੇ ਸੰਵੇਦਨਸ਼ੀਲ ਇਲਾਕਿਆਂ ਵਿਚ ਫਲੈਗ ਮਾਰਚ ਕੀਤਾ ਗਿਆ। ਇਸੇ ਤਰ੍ਹਾਂ ਜ਼ੋਨ-1, 2 ਅਤੇ 3 ਦੇ ਅੰਦਰ ਅਤੇ ਬਾਹਰ ਪੁਲੀਸ ਨੇ ਨਾਕਾਬੰਦੀ ਕਰਕੇ ਵਾਹਨਾਂ ਦੀ ਜਾਂਚ ਕੀਤੀ। ਸ਼ੱਕੀ ਵਿਅਕਤੀਆਂ ਦੀ ਜਾਂਚ ਲਈ ਪੰਜਾਬ ਆਰਟੀਫੀਸ਼ਅਲ ਇੰਟੈਲੀਜੈਂਸ ਸਿਸਟਮ ਦੀ ਵਰਤੋਂ ਕੀਤੀ ਗਈ। ਸ੍ਰੀ ਭੰਡਾਲ ਨੇ ਆਖਿਆ ਕਿ ਇਹ ਫਲੈਗ ਮਾਰਚ ਚੋਣ ਪ੍ਰਕਿਰਿਆ ਦੌਰਾਨ ਅਮਨ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਏ ਰੱਖਣ ਦੇ ਮੰਤਵ ਨਾਲ ਕੀਤਾ ਗਿਆ ਹੈ। ਫਲੈਗ ਮਾਰਚ ਹਾਲ ਗੇਟ ਤੋਂ ਆਰੰਭ ਹੋ ਕੇ ਸੁਲਤਾਨਵਿੰਡ ਗੇਟ ਦੇ ਇਲਾਕੇ ਤਕ ਕੀਤਾ। ਇਸ ਤੋਂ ਇਲਾਵਾ ਸੁਲਤਾਨਵਿੰਡ ਪਿੰਡ, ਕੋਟ ਮਿਤ ਸਿੰਘ, ਚਾਟੀਵਿੰਡ ਗੇਟ, ਗੁਜਰਪੁਰਾ ਵਿਚ ਵੀ ਫਲੈਗ ਮਾਰਚ ਕੀਤਾ ਗਿਆ।