ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 2 ਜਨਵਰੀ
ਇੱਥੋਂ ਦੀ ਕੇਂਦਰੀ ਜੇਲ੍ਹ ਵਿੱਚੋਂ ਅੱਜ ਫਿਰ ਤੋਂ ਪੰਜ ਮੋਬਾਈਲ ਫੋਨ, 46 ਬੰਡਲ ਸਿਗਰਟ, ਚਾਰਜਰ ਅਤੇ ਹੋਰ ਸਾਮਾਨ ਬਰਾਮਦ ਹੋਇਆ। ਇਸ ਸਬੰਧੀ ਦੋ ਵੱਖ-ਵੱਖ ਕੇਸ ਦਰਜ ਕੀਤੇ ਗਏ ਹਨ।
ਜੇਲ੍ਹ ਦੇ ਸਹਾਇਕ ਸੁਪਰਡੈਂਟ ਬਹਾਦਰ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਜੇਲ੍ਹ ਵਿੱਚ ਨਸ਼ਾ ਛੁਡਾਊ ਬੈਰਕ ਦੇ ਦੋ ਨੰਬਰ ਕਮਰੇ ਵਿੱਚੋਂ ਇਕ ਮੋਬਾਈਲ ਫੋਨ ਤੇ ਚਾਰਜਰ ਕੈਦੀ ਰਛਪਾਲ ਸਿੰਘ ਕੋਲੋਂ ਬਰਾਮਦ ਹੋਇਆ ਹੈ ਜਦੋਂਕਿ ਚਾਰ ਮੋਬਾਈਲ ਫੋਨ ਬਾਥਰੂਮ ਵਿੱਚੋਂ ਐਗਜ਼ਾਸਟ ਫੈਨ ਕੋਲੋਂ ਮਿਲੇ ਹਨ।
ਇਸ ਸਬੰਧ ਵਿੱਚ ਥਾਣਾ ਇਸਲਾਮਾਬਾਦ ਵਿੱਚ ਕੈਦੀ ਰਛਪਾਲ ਸਿੰਘ ਖ਼ਿਲਾਫ਼ ਪ੍ਰੀਜ਼ਨ ਐਕਟ ਦੀ ਧਾਰਾ 42 ਅਤੇ 52ਏ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਇਕ ਵੱਖਰੇ ਮਾਮਲੇ ਵਿਚ ਜੇਲ੍ਹ ਦੇ ਸਹਾਇਕ ਸੁਪਰਡੈਂਟ ਮਨਦੀਪ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਜੇਲ੍ਹ ਵਿਚ ਗਸ਼ਤ ਦੌਰਾਨ ਦੋ ਲਾਵਾਰਿਸ ਪੈਕੇਟ ਮਿਲੇ ਹਨ, ਜਿਨ੍ਹਾਂ ਵਿੱਚੋਂ ਸਿਗਰਟਾਂ ਦੇ 46 ਬੰਡਲ, ਇਕ ਪੈਕੇਟ ਤੰਬਾਕੂ, ਇਕ ਚਾਰਜਰ, ਇਕ ਹੈੱਡ ਫੋਨ ਤੇ ਹੋਰ ਸਾਮਾਨ ਸ਼ਾਮਲ ਸੀ। ਇਸ ਸਬੰਧੀ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।