ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 4 ਦਸੰਬਰ
ਪੱਕੇ ਕਰਨ ਦੀ ਮੰਗ ਨੂੰ ਲੈ ਕੇ ਸਥਾਨਕ ਬੱਸ ਅੱਡੇ ਵਿਚ ਰੋਸ ਵਿਖਾਵਾ ਕਰਨ ਸਮੇਂ ਬੱਸ ਅੱਡੇ ਦੇ ਦੋਵੇਂ ਗੇਟ ਬੰਦ ਕਰਨ ਦੇ ਵਿਰੋਧ ਵਿਚ ਅੱਜ ਪੁਲੀਸ ਨੇ ਪਨਬਸ ਕੰਟਰੈਕਟ ਵਰਕਰ ਯੂਨੀਅਨ ਖਿਲਾਫ ਕੇਸ ਦਰਜ ਕਰ ਲਿਆ ਹੈ। ਫਿਲਹਾਲ ਇਸ ਸਬੰਧ ਵਿਚ ਕੋਈ ਗ੍ਰਿਫਤਾਰੀ ਨਹੀਂ ਹੋਈ। ਇਸ ਸਬੰਧ ਵਿਚ ਥਾਣਾ ਏ ਡਿਵੀਜ਼ਨ ਵਿਚ ਵਿਖਾਵਾਕਾਰੀ ਪਨਬਸ ਕਾਮਿਆਂ ਖਿਲਾਫ ਆਈਪੀਸੀ ਦੀ ਧਾਰਾ 342, 186, 188 ਹੇਠ ਕੇਸ ਦਰਜ ਕੀਤਾ ਗਿਆ ਹੈ। ਮਨਿੰਦਰਪਾਲ ਸਿੰਘ ਵਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਇਹ ਕੇਸ ਦਰਜ ਕੀਤਾ ਗਿਆ ਹੈ। ਉਸ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਕਿ ਪਨਬਸ ਕੰਟਰੈਕਟ ਵਰਕਰ ਯੂਨੀਅਨ ਵਲੋਂ 10 ਤੋਂ 12 ਵਜੇ ਤਕ ਦੋ ਘੰਟੇ ਬੱਸ ਅੱਡੇ ਵਿਚ ਰੋਸ ਵਿਖਾਵਾ ਕੀਤਾ ਗਿਆ। ਇਸ ਰੋਸ ਵਿਖਾਵੇ ਦੇ ਸਬੰਧ ਵਿਚ ਕੋਈ ਨੋਟਿਸ ਨਹੀਂ ਦਿੱਤਾ ਗਿਆ ਸੀ। ਇਸ ਦੌਰਾਨ ਵਿਖਾਵਾਕਾਰੀਆਂ ਨੇ ਬੱਸ ਅੱਡੇ ਦੇ ਅੰਦਰ ਅਤੇ ਬਾਹਰ ਜਾਣ ਵਾਲੇ ਦੋਵੇਂ ਪਾਸੇ ਦੇ ਗੇਟ ਬੰਦ ਕਰ ਦਿੱਤੇ, ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਹੋਈ। ਇਸ ਤੋਂ ਇਲਾਵਾ ਵਿਭਾਗ ਦੀ ਸਾਖ ਨੂੰ ਵੀ ਢਾਹ ਲੱਗੀ ਹੈ ਅਤੇ ਨੁਕਸਾਨ ਹੋਇਆ ਹੈ। ਇਸ ਸ਼ਿਕਾਇਤ ਨੂੰ ਆਧਾਰ ਬਣਾ ਕੇ ਪੁਲੀਸ ਨੇ ਕੇਸ ਦਰਜ ਕੀਤਾ ਹੈ। ਬੀਤੇ ਕੱਲ੍ਹ ਵਿਖਾਵਾਕਾਰੀਆਂ ਨੇ ਬੱਸਾਂ ਦੀ ਆਵਾਜਾਈ ਵੀ ਰੋਕ ਦਿੱਤੀ ਸੀ।