ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 29 ਸਤੰਬਰ
ਖੇਤੀ ਕਾਨੂੰਨਾਂ ਖਿਲਾਫ ਦਿਲੀ ਵਿੱਚ ਚੱਲ ਰਹੇ ਕਿਸਾਨ ਸੰਘਰਸ਼ ਵਿਚ ਸ਼ਾਮਲ ਹੋਣ ਲਈ ਸਯੁੰਕਤ ਕਿਸਾਨ ਮੋਰਚੇ ਨਾਲ ਸਬੰਧਤ ਜਥੇਬੰਦੀ ਜਮਹੂਰੀ ਕਿਸਾਨ ਸਭਾ ਦੇ ਕਾਰਕੁਨਾਂ ਦਾ ਇਕ ਜਥਾ ਅੱਜ ਰੇਲ ਗੱਡੀ ਰਾਹੀਂ ਦਿੱਲੀ ਰਵਾਨਾ ਹੋਇਆ । ਜਾਣਕਾਰੀ ਮੁਤਾਬਿਕ ਇਸ ਜਥੇ ਵਿਚ 332 ਕਿਸਾਨ ਅੰਮ੍ਰਿਤਸਰ ਤੋਂ ਅਤੇ ਲਗਪਗ 80 ਕਿਸਾਨ ਬਿਆਸ ਤੋਂ ਰਵਾਨਾ ਹੋਏ ਹਨ। ਜਿਨ੍ਹਾਂ ਵਿਚ ਕਿਸਾਨ ਬੀਬੀਆਂ ਅਤੇ ਨੌਜਵਾਨ ਵੀ ਸ਼ਾਮਲ ਹਨ। ਇਸ ਜਥੇ ਦੀ ਅਗਵਾਈ ਕਿਸਾਨ ਆਗੂ ਅਰਜਨ ਸਿੰਘ ਸਰਪੰਚ, ਨਿਰਮਲ ਸਿੰਘ ਮੋਦੇ, ਸਤਨਾਮ ਸਿੰਘ ਚੱਕ ਔਲ, ਸੁਰਜੀਤ ਦੁਧਰਾਏ, ਬਲਦੇਵ ਸਿੰਘ ਸ਼ੈਦਪੁਰ ਅਤੇ ਗੁਰਨਾਮ ਸਿੰਘ ਦਾਉਦ ਕਰ ਰਹੇ ਹਨ। ਇਸ ਵੱਡੇ ਜਥੇ ਨੂੰ ਕਿਸਾਨ ਆਗੂ ਰਤਨ ਸਿੰਘ ਰੰਧਾਵਾ ਨੇ ਰਵਾਨਾ ਕੀਤਾ।
ਅਟਾਰੀ (ਪੱਤਰ ਪ੍ਰੇਰਕ): ਕਿਸਾਨ ਆਗੂਆਂ ਅਰਜਨ ਸਿੰਘ ਹੁਸ਼ਿਆਰ ਨਗਰ, ਨਿਰਮਲ ਸਿੰਘ ਮੋਦੇ, ਸਤਨਾਮ ਸਿੰਘ ਚੱਕ ਔਲ, ਸੁਰਜੀਤ ਸਿੰਘ ਦੁਧਰਾਏ, ਬਲਦੇਵ ਸਿੰਘ ਸੈਦਪੁਰ ਅਤੇ ਗੁਰਨਾਮ ਸਿੰਘ ਦਾਉਦ ਦੀ ਅਗਵਾਈ ਹੇਠ ਅੱਜ 332 ਕਿਸਾਨ ਬੀਬੀਆਂ ਦਾ ਜਥਾ ਰੇਲ ਗੱਡੀ ਰਾਹੀਂ ਅੰਮ੍ਰਿਤਸਰ ਤੋਂ ਸਿੰਘੂ ਬਾਰਡਰ ਦਿੱਲੀ ਲਈ ਰਵਾਨਾ ਹੋਇਆ। ਇਸ ਜਥੇ ਨੂੰ ਰਵਾਨਾ ਕਰਨ ਉਪਰੰਤ ਕਿਸਾਨ ਆਗੂ ਰਤਨ ਸਿੰਘ ਰੰਧਾਵਾ ਨੇ ਕਿਹਾ ਕਿ 27 ਸਤੰਬਰ ਦੇ ਸਫਲ ਬੰਦ ਪਿੱਛੋਂ ਕਿਸਾਨ, ਖੇਤ ਮਜ਼ਦੂਰ ਤੇ ਨੌਜਵਾਨਾਂ ’ਚ ਭਾਰੀ ਉਤਸ਼ਾਹ ਪੈਦਾ ਹੋਇਆ ਹੈ। ਜਥੇਬੰਦੀ ਦੇ ਕਿਸਾਨ ਰੇਲ ਗੱਡੀ ’ਚ ਬੈਠਣ ਮੌਕੇ ਮੋਦੀ-ਸ਼ਾਹ ਦੀ ਫਾਸ਼ੀਵਾਦ ਜੁੰਡਲੀ ਵਿਰੁੱਧ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਤੇ ਤਿੰਨ ਖੇਤੀ ਕਾਲੇ ਕਾਨੂੰਨ ਰੱਦ ਕਰੋ ਦੇ ਨਾਅਰੇ ਲਗਾਉਂਦੇ ਹੋਏ ਦਿੱਲੀ ਬਾਰਡਰ ਵੱਲ ਰਵਾਨਾ ਹੋਏ।