ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 21 ਮਈ
ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਗੁਰਦੇਵ ਸਿੰਘ ਵਰਪਾਲ ਦੀ ਪ੍ਰਧਾਨਗੀ ਹੇਠ ਪਿੰਡ ਵਰਪਾਲ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ ਜਿਸ ਵਿੱਚ ਵੱਖ-ਵੱਖ ਪਿੰਡਾਂ ਤੋਂ ਕਿਸਾਨ ਆਗੂ ਸ਼ਾਮਲ ਹੋਏ। ਜਥੇਬੰਦੀ ਦੇ ਸੂਬਾ ਪ੍ਰਧਾਨ ਕੰਵਲਪ੍ਰੀਤ ਸਿੰਘ ਪੰਨੂ ਨੇ ਕਿਹਾ ਕਿ ਤਿੰਨ ਕਾਲੇ ਕਾਨੂੰਨ ਕਿਸਾਨਾਂ ਦੇ ਲੰਬੇ ਅੰਦੋਲਨ ਕਾਰਨ ਰੱਦ ਹੋ ਚੁੱਕੇ ਹਨ। ਹੁਣ ਮੋਦੀ ਸਰਕਾਰ ਬਿਜਲੀ ਤੇ ਪਾਣੀ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਕਰਵਾ ਕੇ ਇਸ ਰਾਹ ਰਾਹੀਂ ਕਿਸਾਨਾਂ ਦੀਆਂ ਜ਼ਮੀਨਾਂ ਤੱਕ ਪਹੁੰਚਣਾ ਚਾਹੁੰਦੀ ਹੈ। ਪ੍ਰੀਪੇਡ ਬਿਜਲੀ ਮੀਟਰ ਇਸ ਯੋਜਨਾ ਦੀ ਕਾਢ ਹੈ। ਕਿਸਾਨ ਜਥੇਬੰਦੀ ਦਰਿਆਈ ਪਾਣੀਆਂ ਵਿੱਚੋਂ ਪੰਜਾਬ ਦਾ ਬਣਦਾ ਹੱਕ ਲੈਣ ਲਈ ਕਿਸਾਨਾਂ ਨੂੰ ਜਾਗਰੂਕ ਅਤੇ ਲਾਮਬੰਦ ਕਰੇਗੀ।
ਗੰਨੇ ਦੀ ਬਕਾਇਆ ਰਾਸ਼ੀ ਲੈਣ ਲਈ ਜੀ.ਟੀ. ਰੋਡ ਜਾਮ ਕਰਨ ਦਾ ਐਲਾਨ
ਫਗਵਾੜਾ (ਪੱਤਰ ਪ੍ਰੇਰਕ): ਪੰਜਾਬ ਦੇ ਕਿਸਾਨਾਂ ਦਾ ਗੰਨੇ ਦੀ ਅਦਾਇਗੀ ਦਾ 900 ਕਰੋੜ ਰੁਪਏ ਦਾ ਬਕਾਇਆ ਲੈਣ ਲਈ ਹੁਣ ਕਿਸਾਨ ਜਥੇਬੰਦੀਆਂ ਨੇ ਸੰਘਰਸ਼ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। ਅੱਜ ਇਥੇ ਦਾਣਾ ਮੰਡੀ ਵਿਖੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੀ ਜਨਰਲ ਬਾਡੀ ਦੀ ਮੀਟਿੰਗ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਦੀ ਅਗਵਾਈ ’ਚ ਹੋਈ ਜਿਸ ’ਚ ਜਥੇਬੰਦੀ ਨੇ ਫ਼ੈਸਲਾ ਕੀਤਾ ਹੈ ਕਿ 16 ਜਥੇਬੰਦੀਆਂ ਮਿਲ ਕੇ ਇਸ ਸੰਘਰਸ਼ ਨੂੰ ਲੜਨਗੀਆਂ ਤੇ ਫਗਵਾੜਾ ਮਿੱਲ ਤੋਂ 73 ਕਰੋੜ ਰੁਪਏ ਦੀ ਅਦਾਇਗੀ ਲੈਣ ਲਈ 26 ਮਈ ਨੂੰ ਇਥੋਂ ਦੇ ਨੈਸ਼ਨਲ ਹਾਈਵੇਜ ਨੂੰ ਜਾਮ ਕੀਤਾ ਜਾਵੇਗਾ। ਕੁਲਵਿੰਦਰ ਕਾਲਾ ਨੇ ਦੱਸਿਆ ਕਿ ਪਹਿਲਾ ਇਹ ਧਰਨਾ 25 ਮਈ ਦਾ ਰੱਖਿਆ ਗਿਆ ਸੀ ਪਰ ਡੇਰਾ ਬੱਲਾ ਵਿਖੇ ਮਹਾਂਪੁਰਸ਼ਾ ਦੇ ਸਮਾਗਮ ਨੂੰ ਮੁੱਖ ਰੱਖਦਿਆਂ ਇਹ ਸਮਾਗਮ 26 ਮਈ ਦਾ ਕੀਤਾ ਗਿਆ ਹੈ।