ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 13 ਅਗਸਤ
ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਵਲੋਂ ਬਿਜਲੀ ਸੋਧ ਬਿਲ 2022 ਖ਼ਿਲਾਫ਼ ਅੱਜ ਗੋਲਡਨ ਗੇਟ ਵਿਖੇ ਰੋਸ ਵਿਖਾਵਾ ਕਰਦਿਆਂ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਜਥੇਬੰਦੀ ਵਲੋਂ ਗੁਰਦੁਆਰਾ ਅਟਾਰੀ ਸਾਹਿਬ ਪਿੰਡ ਸੁਲਤਾਨਵਿੰਡ ਵਿੱਚ ਮੀਟਿੰਗ ਕੀਤੀ ਗਈ, ਜਿਸ ਦੀ ਪ੍ਰਧਾਨਗੀ ਰੁਪਿੰਦਰਜੀਤ ਸਿੰਘ , ਮੰਗਲ ਸਿੰਘ , ਪਰਮਜੀਤ ਸਿੰਘ , ਸਤਨਾਮ ਸਿੰਘ ਨੇ ਕੀਤੀ। ਇਸ ਮੌਕੇ ਜਥੇਬੰਦੀ ਦੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟਬੁੱਢਾ, ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਚਾਟੀਵਿੰਡ ਆਦਿ ਨੇ ਕਿਹਾ ਕਿ 22 ਅਗਸਤ ਨੂੰ ਦਿੱਲੀ ਵਿੱਚ ਅੰਦੋਲਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈ ਹਨ । ਇਸ ਅੰਦੋਲਨ ਵਿੱਚ ਕਿਸਾਨ ਵਧ ਚੜ੍ਹ ਕੇ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਾਉਣ ਵਾਸਤੇ ਵੱਖ ਵੱਖ ਪੜਾਵਾਂ ਵਿੱਚ ਸੰਘਰਸ਼ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਬਿਜਲੀ ਸੋਧ ਬਿੱਲ 2022 ਲਿਆ ਕੇ ਲੋਕਾਂ ਨਾਲ ਧੋਖਾ ਕੀਤਾ। ਬਿਲ ਦੇ ਵਿਰੋਧ ਵਿਚ ਗੋਲਡਨ ਗੇਟ ਵਿੱਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਬਿਜਲੀ ਸੋਧ ਬਿੱਲ ਪੱਕੇ ਤੌਰ ’ਤੇ ਰੱਦ ਕੀਤਾ ਜਾਵੇ , ਪੂਰੇ ਭਾਰਤ ਦੇ ਕਿਸਾਨਾਂ ਨੂੰ ਕਰਜ਼ਮੁਕਤ ਕੀਤਾ ਜਾਵੇ ਤੇ ਐੱਮਐੱਸਪੀ ਦੀ ਗਾਰੰਟੀ ਦਿੱਤੀ ਜਾਵੇ। ਉਨ੍ਹਾਂ ਬਿੱਲ ਰੱਦ ਹੋਣ ਤਕ ਸੰਘਰਸ਼ ਜਾਰੀ ਰਹੇਗਾ।