ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 26 ਮਾਰਚ
ਸੰਯੁਕਤ ਕਿਸਾਨ ਮੋਰਚੇ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਅੱਜ ਭਾਰਤ ਬੰਦ ਦੇ ਦਿੱਤੇ ਸੱਦੇ ਨੂੰ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਵਿੱਚ ਭਰਵਾਂ ਹੁੰਗਾਰਾ ਮਿਲਿਆ ਅਤੇ ਰੇਲ ਤੇ ਸੜਕ ਆਵਾਜਾਈ ਠੱਪ ਰਹੀ। ਇਥੇ ਪਿੰਡ ਵੱਲਾ ਨੇੜੇ ਰੇਲ ਪਟੜੀਆਂ ’ਤੇ ਦਿੱਤੇ ਧਰਨੇ ਦੌਰਾਨ ਕਿਸਾਨਾਂ ਨੇ ਨੰਗੇ ਧੜ ਹੋ ਕੇ ਕੇਂਦਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਦਾਅਵਾ ਕੀਤਾ ਕਿ ਸੂਬੇ ਵਿਚ 150 ਤੋਂ ਵੱਧ ਥਾਵਾਂ ’ਤੇ ਰੇਲ ਤੇ ਸੜਕ ਆਵਾਜਾਈ ਰੋਕ ਕੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤੇ ਗਏ।
ਬੰਦ ਦੇ ਸੱਦੇ ਨੂੰ ਸਮਾਜਿਕ ਜਥੇਬੰਦੀਆਂ ਅਤੇ ਹੋਰਨਾਂ ਵਰਗਾਂ ਤੋਂ ਵੱਡਾ ਸਮਰਥਨ ਮਿਲਿਆ। ਲੋਕਾਂ ਨੇ ਕਾਰੋਬਾਰ ਤੇ ਦੁਕਾਨਾਂ ਬੰਦ ਰੱਖ ਕੇ ਖੇਤੀ ਕਾਨੂੰਨਾਂ ਖ਼ਿਲਾਫ਼ ਰੋਸ ਦਾ ਪ੍ਰਗਟਾਵਾ ਕੀਤਾ। ਮਾਝਾ ਖੇਤਰ ਵਿੱਚ ਇਸ ਬੰਦ ਦਾ ਵੱਡਾ ਪ੍ਰਭਾਵ ਦੇਖਣ ਨੂੰ ਮਿਲਿਆ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸਵੇਰੇ 6 ਵਜੇ ਹੀ ਅੰਮ੍ਰਿਤਸਰ-ਦਿੱਲੀ ਰੇਲ ਮਾਰਗ ’ਤੇ ਵੱਲਾ ਫਾਟਕ ’ਤੇ ਰੇਲ ਪਟੜੀਆਂ ’ਤੇ ਧਰਨਾ ਦਿੱਤਾ ਗਿਆ। ਇਸੇ ਤਰ੍ਹਾਂ ਅੰਮ੍ਰਿਤਸਰ-ਦਿੱਲੀ ਜੀਟੀ ਰੋਡ ’ਤੇ ਆਵਾਜਾਈ ਰੋਕਣ ਲਈ ਗੋਲਡਨ ਗੇਟ ਨੇੜੇ ਧਰਨਾ ਦਿੱਤਾ ਗਿਆ। ਰੇਲ ਪਟੜੀਆਂ ’ਤੇ ਬੈਠੇ ਕਿਸਾਨਾਂ ਨੇ ਨੰਗੇ ਧੜ ਹੋ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਰੋਸ ਧਰਨੇ ਵਿਚ ਬੀਬੀਆਂ ਵੀ ਸ਼ਾਮਲ ਸਨ। ਪ੍ਰਦਰਸ਼ਨਕਾਰੀਆਂ ਨੇ ਖੇਤੀ ਕਾਨੂੰਨ ਰੱਦ ਕਰਨ ਅਤੇ ਫਸਲਾਂ ਦੀ ਖਰੀਦ ਲਈ ਐਮਐੱਸਪੀ ਸਬੰਧੀ ਕਾਨੂੰਨ ਬਣਾਉਣ ਦੀ ਮੰਗ ਕੀਤੀ। ਇਸ ਤੋਂ ਇਲਾਵਾ ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਕਿਸਾਨ ਜਥੇਬੰਦੀਆਂ ਨੇ ਜੋੜਾ ਫਾਟਕ ਰੇਲ ਲਾਈਨਾਂ ’ਤੇ, ਹਾਲ ਗੇਟ, ਭੰਡਾਰੀ ਪੁਲ, ਫਤਹਿਗੜ੍ਹ ਚੂੜੀਆਂ ਰੋਡ, ਅੰਮ੍ਰਿਤਸਰ-ਪਠਾਨਕੋਟ ਰੇਲ ਮਾਰਗ ’ਤੇ ਧਰਨਾ ਦਿੱਤਾ। ਇਸੇ ਤਰ੍ਹਾਂ ਤਰਨ ਤਾਰਨ ਜ਼ਿਲੇ ਵਿੱਚ ਅੰਮ੍ਰਿਤਸਰ, ਤਰਨ ਤਾਰਨ, ਬਿਆਸ ਅਤੇ ਅੰਮ੍ਰਿਤਸਰ-ਖੇਮਕਰਨ ਰੇਲ ਮਾਰਗ ਨੂੰ ਰੋਕਿਆ ਗਿਆ। ਇਸੇ ਦੌਰਾਨ ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਕਿਸਾਨ ਤੇ ਮਜਦੂਰ ਜਥੇਬੰਦੀਆਂ ਤੇ ਸ਼ਹਿਰ ਵਾਸੀਆਂ ਨੇ ਇਥੇ ਭੰਡਾਰੀ ਪੁਲ ’ਤੇ ਰੋਸ ਧਰਨਾ ਦਿੱਤਾ ਅਤੇ ਆਵਾਜਾਈ ਰੋਕੀ। ਅੰਮ੍ਰਿਤਸਰ (ਮਨਮੋਹਨ ਸਿੰਘ ਢਿੱਲੋਂ): ‘ਭਾਰਤ ਬੰਦ’ ਦੇ ਸੱਦੇ ਨੂੰ ਅੰਮ੍ਰਿਤਸਰ ਵਿੱਚ ਭਰਵਾਂ ਹੁੰਗਾਰਾ ਮਿਲਿਆ। ਇਸੇ ਦੌਰਾਨ ਜਲੰਧਰ ਰੋਡ ’ਤੇ ਅਲਫਾ ਵਨ ਮਾਲ ਅੱਗੇ ਲੱਗੇ ਧਰਨੇ ’ਚ ਲੋਕ ਭਲਾਈ ਵੈਲਫੇਅਰ ਸੁਸਾਇਟੀ ਦੇ ਆਗੂ ਭਾਈ ਮਹਿਤਾਬ ਸਿੰਘ ਸਿਰਸਾ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਭੁਪਿੰਦਰ ਸਿੰਘ ਅਤੇ ਭਾਈ ਪਰਮਜੀਤ ਸਿੰਘ ਅਕਾਲੀ ਨੇ ਸਾਂਝੇ ਤੌਰ ’ਤੇ ਕਿਹਾ ਕਿ ਖੇਤੀ ਕਾਨੂੰਨ ਰੱਦ ਕਰਵਾਏ ਬਿਨਾਂ ਕਿਸਾਨ ਸੰਘਰਸ਼ ਖ਼ਤਮ ਨਹੀਂ ਹੋਵੇਗਾ। ਉਨ੍ਹਾਂ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਵੀ ਅਪੀਲ ਕੀਤੀ ਕਿ ਸੰਸਦ ਭਵਨ ਘੇਰਨ ਦਾ ਠੋਸ ਪ੍ਰੋਗਰਾਮ ਉਲੀਕਣ।
ਬਟਾਲਾ (ਹਰਜੀਤ ਸਿੰਘ ਪਰਮਾਰ): ਭਾਰਤ ਬੰਦ ਦੇ ਸੱਦੇ ਨੂੰ ਬਟਾਲਾ ਵਿੱਚ ਭਰਪੂਰ ਸਮਰਥਨ ਮਿਲਿਆ ਅਤੇ ਅੱਚਲੀ ਗੇਟ, ਸਿਟੀ ਰੋਡ, ਜਲੰਧਰ ਰੋਡ, ਗੁਰਦਾਸਪੁਰ ਰੋਡ , ਚੱਕਰੀ ਬਾਜ਼ਾਰ, ਸਰਕੂਲਰ ਰੋਡ, ਅੰਮ੍ਰਿਤਸਰ ਰੋਡ ਆਦਿ ਪੂਰਨ ਤੌਰ ’ਤੇ ਬੰਦ ਰਹੇ। ਸ਼ਹਿਰ ਦੇ ਦੁਕਾਨਦਾਰਾਂ ਨੇ ਵੀ ਬੰਦ ਨੂੰ ਪੂਰਨ ਹਮਾਇਤ ਕੀਤੀ ਤੇ ਸੜਕਾਂ ’ਤੇ ਆਵਾਜਾਈ ਨਾਮਾਤਰ ਰਹੀ। ਸ਼ਹਿਰ ਵਿੱਚ ਸਿਰਫ਼ ਹਸਪਤਾਲ ਅਤੇ ਮੈਡੀਕਲ ਸਟੋਰ ਹੀ ਖੁੱਲ੍ਹੇ ਰਹੇ। ਸ਼ਹਿਰ ਅਤੇ ਆਲੇ-ਦੁਆਲੇ ਦੀਆਂ ਕਈ ਥਾਵਾਂ ’ਤੇ ਕਿਸਾਨਾਂ ਵੱਲੋਂ ਧਰਨੇ ਦਿੱਤੇ ਗਏ। ਇਸ ਦੌਰਾਨ ਕਿਸਾਨਾਂ, ਆੜ੍ਹਤੀਆਂ, ਮੁਨੀਮਾਂ ਅਤੇ ਮਜ਼ਦੂਰਾਂ ਨੇ ਗਾਂਧੀ ਚੌਕ ਵਿੱਚ ਧਰਨਾ ਦਿੱਤਾ ਅਤੇ ਮੋਦੀ ਸਰਕਾਰ ਨਾਅਰੇਬਾਜ਼ੀ ਕੀਤੀ।
ਸ਼ਾਹਕੋਟ (ਗੁਰਮੀਤ ਖੌਸਲਾ): ਅੱਜ ਸ਼ਾਹਕੋਟ, ਮਲਸੀਆਂ, ਲੋਹੀਆਂ ਖਾਸ, ਮਹਿਤਪੁਰ, ਉੱਗੀ ਅਤੇ ਮੱਲੀਆਂ ਕਲਾਂ ਮੁਕੰਮਲ ਬੰਦ ਰਹੇ। ਇਸ ਤੋਂ ਇਲਾਵਾ ਪਰਜੀਆਂ ਕਲਾਂ, ਮੱਲ੍ਹੀਆਂ ਖੁਰਦ, ਰੂਪੇਵਾਲੀ, ਬਾਜਵਾ ਕਲਾਂ ਤੇ ਖੁਰਦ, ਲਸੂੜੀ, ਪੂੰਨੀਆਂ, ਗਿੱਦੜਪਿੰਡੀ, ਲੱਧੜਾਂ ਦੇ ਬੱਸ ਅੱਡੇ ਵੀ ਮੁਕੰਮਲ ਬੰਦ ਰਹੇ। ਸਰਕਾਰੀ ਦਫਤਰ ਅਤੇ ਸਕੂਲ ਖੁਲ੍ਹੇ ਰਹੇ ਪਰ ਉਨ੍ਹਾਂ ਵਿਚ ਮੁਲਾਜ਼ਮਾਂ ਤੇ ਅਧਿਆਪਕਾਂ ਦੀ ਗਿਣਤੀ ਘੱਟ ਰਹੀ। ਇਸੇ ਦੌਰਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਵੱਖ ਵੱਖ ਥਾਈਂ ਸੜਕੀ ਆਵਾਜਾਈ ਰੋਕੀ।
ਤਰਨ ਤਾਰਨ (ਗੁਰਬਖ਼ਸ਼ਪੁਰੀ): ਇਥੇ ਭਾਰਤ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ| ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਝੰਡੇ ਹੇਠ ਸਰਹੱਦੀ ਕਸਬਾ ਅਮਰਕੋਟ ਵਿੱਚ ਕਿਸਾਨਾਂ ਵੱਲੋਂ ਜਥਬੰਦੀ ਦੇ ਆਗੂ ਸੁਖਵੰਤ ਸਿੰਘ ਵਲਟੋਹਾ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਦੀ ਅਰਥੀ ਸਾੜੀ ਗਈ ਤੇ ਰੋਸ ਮਾਰਚ ਕੀਤਾ ਗਿਆ|
ਜਲੰਧਰ ਵਿੱਚ ਦੁੱਧ ਤੇ ਸਬਜ਼ੀਆਂ ਦੀ ਸਪਲਾਈ ਪ੍ਰਭਾਵਿਤ
ਜਲੰਧਰ (ਪਾਲ ਸਿੰਘ ਨੌਲੀ): ਭਾਰਤ ਬੰਦ ਦੇ ਸੱਦੇ ਨੂੰ ਅੱਜ ਇਥੇ ਭਰਵਾਂ ਹੁੰਗਾਰਾ ਮਿਲਿਆ। ਸ਼ਹਿਰ ਦੇ ਬਾਜ਼ਾਰ ਤੇ ਵੱਡੇ ਵਪਾਰਕ ਅਦਾਰਿਆਂ ਸਮੇਤ ਸਭ ਕਾਰੋਬਾਰ ਬੰਦ ਰਹੇ ਤੇ ਕਿਤੇ ਵੀ ਜ਼ਬਰੀ ਦੁਕਾਨਾਂ ਬੰਦ ਨਹੀਂ ਕਰਵਾਈਆਂ ਗਈਆਂ। ਇਸ ਬੰਦ ਨਾਲ ਕੇਂਦਰ ਸਰਕਾਰ ਪ੍ਰਤੀ ਲੋਕਾਂ ਦੀ ਨਾਰਾਜ਼ਗੀ ਸਾਹਮਣੇ ਆਈ। ਇਸੇ ਦੌਰਾਨ ਸ਼ਹਿਰ ਵਿੱਚ ਦੁੱਧ ਤੇ ਸਬਜ਼ੀਆਂ ਦੀ ਸਪਲਾਈ ਪ੍ਰਭਾਵਿਤ ਹੋਈ। ਮਕਸੂਦਾਂ ਵਾਲੀ ਸਬਜ਼ੀ ਮੰਡੀ ਬੰਦ ਰਹੀ। ਬੱਸ ਅੱਡੇ ’ਤੇ ਵੀ ਸੰਨਾਟਾ ਛਾਇਆ ਰਿਹਾ। ਰੇਲਵੇ ਸਟੇਸ਼ਨ ’ਤੇ ਹਰ ਰੇਲ ਗੱਡੀ ਆਪਣੇ ਮਿੱਥੇ ਸਮੇਂ ਤੋਂ 8 ਤੋਂ ਲੈ ਕੇ 12 ਘੰਟੇ ਪੱਛੜ ਕੇ ਚੱਲ ਰਹੀ ਸੀ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਜ਼ਿਲ੍ਹਾ ਇਕਾਈ ਦੇ ਮੁੱਖ ਬੁਲਾਰੇ ਕਸ਼ਮੀਰ ਸਿੰਘ ਤੇ ਯੂਥ ਵਿੰਗ ਦੇ ਪ੍ਰਧਾਨ ਅਮਰਜੋਤ ਸਿੰਘ ਨੇ ਦੱਸਿਆ ਕਿ ਜਲੰਧਰ ਦੇ ਪੀਏਪੀ ਚੌਕ ਵਿੱਚ ਧਰਨਾ ਲਾਇਆ ਗਿਆ। ਬੀਐੱਮਸੀ ਚੌਕ ਵਿੱਚ ਕਿਸਾਨਾਂ, ਮਜ਼ਦੂਰਾਂ ਤੇ ਵਕੀਲਾਂ ਨੇ ਧਰਨਾ ਲਾਇਆ। ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਹਰਸ਼ਲਿੰਦਰਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਕਿਸਾਨਾਂ ਨੂੰ ਨਾਲ ਲੈ ਕੇ ਪਠਾਨਕੋਟ ਰੋਡ ’ਤੇ ਕਿਸ਼ਨਗੜ੍ਹ ਵਿਖੇ ਧਰਨਾ ਲਾਇਆ ਤੇ ਨਾਲ ਹੀ ਨਿਜ਼ਮਾਦੀਨਪੁਰ ਨੇੜੇ ਰੇਲਵੇ ਲਾਈਨਾਂ ’ਤੇ ਕਿਸਾਨਾਂ ਨੇ ਧਰਨਾ ਦਿੱਤਾ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਨੇ ਦੱਸਿਆ ਕਿ ਜਲੰਧਰ ਤੋਂ ਨਕੋਦਰ ਨੂੰ ਜਾਣ ਵਾਲੀ ਸੜਕ ’ਤੇ ਪ੍ਰਤਾਪਪੁਰਾ ਨੇੜੇ ਧਰਨਾ ਲਾਇਆ ਗਿਆ। ਲੋਹੀਆਂ ਵਿੱਚ ਦੋ ਥਾਂਵਾਂ ’ਤੇ ਧਰਨਾ ਦਿੱਤਾ ਗਿਆ। ਕਿਸਾਨ ਸੰਘਰਸ਼ ਕਮੇਟੀ ਤੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਸੁਲਤਾਨਪੁਰ ਰੋਡ ’ਤੇ ਰੇਲਵੇ ਲਾਈਨਾਂ ਅਤੇ ਟੀ-ਪੁਆਇੰਟ ’ਤੇ ਧਰਨੇ ਲਾਏ ਸਨ। ਬੀਐੱਮਸੀ ਚੌਕ ਵਿੱਚ ਧਰਨੇ ਦੌਰਾਨ ਬੀਕੇਯੂ ਰਾਜੇਵਾਲ ਦੇ ਜਨਰਲ ਸਕੱਤਰ ਕੁਲਵਿੰਦਰ ਸਿੰਘ ਮਛਿਆਣਾ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਵਾਈਸ ਪ੍ਰਧਾਨ ਸੀਤਲ ਸਿੰਘ ਸੰਘਾ, ਟਰੱਸਟੀ ਸੁਰਿੰਦਰ ਕੁਮਾਰੀ ਕੋਛੜ, ਚੰਰਜੀ ਲਾਲ ਕੰਗਣੀਵਾਲ, ਗੋਪਾਲ ਸਿੰਘ ਬੁੱਟਰ, ਜਮਹੂਰੀ ਕਿਸਾਨ ਸਭਾ ਦੇ ਬਲਦੇਵ ਸਿੰਘ ਨੂਰਪੁਰੀ, ਐਡਵੋਕੇਟ ਰਾਜਿੰਦਰ ਮੰਡ, ਜਗਜੀਤ ਸਿੰਘ ਕਾਹਲੋਂ ਸਮੇਤ ਹੋਰ ਪਤਵੰਤਿਆਂ ਨੇ ਧਰਨੇ ਵਿੱਚ ਸ਼ਮੂਲੀਅਤ ਕੀਤੀ।
ਫਸਲਾਂ ਦੀ ਸਰਕਾਰੀ ਖਰੀਦ ਯਕੀਨੀ ਬਣਾਉਣ ਵਾਲਾ ਕਾਨੂੰਨ ਘੜਨ ’ਤੇ ਜ਼ੋਰ
ਅੰਮ੍ਰਿਤਸਰ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਗੁਰਬਚਨ ਸਿੰਘ ਚੱਬਾ ਤੇ ਸਵਿੰਦਰ ਸਿੰਘ ਚੁਤਾਲਾ ਨੇ ਦੱਸਿਆ ਕਿ ਅੱਜ ਸੂਬੇ ਵਿਚ 12 ਜ਼ਿਲ੍ਹਿਆਂ ਵਿਚ ਜਥੇਬੰਦੀ ਵੱਲੋਂ ਡੇਢ ਸੌ ਤੋਂ ਵੱਧ ਥਾਵਾਂ ’ਤੇ ਰੇਲ ਅਤੇ ਸੜਕ ਮਾਰਗ ਰੋਕੇ ਗਏ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਵਿਚ 80 ਤੋਂ ਵੱਧ ਥਾਵਾਂ ’ਤੇ ਰੇਲ ਅਤੇ ਸੜਕ ਮਾਰਗ ਰੋਕਿਆ ਗਿਆ। ਤਰਨ ਤਾਰਨ ਵਿੱਚ 32, ਗੁਰਦਾਸਪੁਰ ਵਿੱਚ 18, ਫਿਰੋਜ਼ਪੁਰ ਵਿੱਚ 15, ਹੁਸ਼ਿਆਰਪੁਰ ਵਿੱਚ 2 , ਕਪੁਰਥਲਾ ਵਿੱਚ 5, ਜਲੰਧਰ ਵਿੱਚ 5, ਮੋਗਾ ਵਿੱਚ 2, ਫਾਜ਼ਿਲਕਾ ਵਿੱਚ ਇਕ ਤੇ ਮੁਕਤਸਰ ਅਤੇ ਫਰੀਦਕੋਟ ਵਿਚ ਇਕ-ਇਕ ਥਾਂ ’ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਨੇ ਖੇਤੀ ਕਾਨੂੰਨ ਰੱਦ ਕਰਨ, ਪਰਾਲੀ ਐਕਟ ਤੇ ਬਿਜਲੀ ਐਕਟ ਵਿਚ ਕੀਤੀ ਸੋਧ ਨੂੰ ਰੱਦ ਕਰਨ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਦਿਆਂ 23 ਫਸਲਾਂ ਦੀ ਸਰਕਾਰੀ ਖਰੀਦ ਦੀ ਗਰੰਟੀ ਵਾਲਾ ਕਾਨੂੰਨ ਲਿਆਉਣ, ਕਿਸਾਨਾਂ ਖ਼ਿਲਾਫ ਦਰਜ ਪਰਚੇ ਰੱਦ ਕਰਨ, ਕਣਕ ਦੀ ਖਰੀਦ ਲਈ ਐਫਸੀਆਈ ਵੱਲੋਂ ਲਾਈਆਂ ਸ਼ਰਤਾਂ ਹਟਾਉਣ, ਕਰੋਨਾ ਦੇ ਨਾਂ ’ਤੇ ਜੁਰਮਾਨੇ ਤੇ ਚਲਾਨ ਕਰਨੇ ਬੰਦ ਕਰਨ ਦੀ ਮੰਗ ਕੀਤੀ।