ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 26 ਨਵੰਬਰ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਜ਼ੋਨ ਬਾਬਾ ਨੌਧ ਸਿੰਘ ਜੀ ਦੇ ਪਿੰਡ ਗੁਰੂਵਾਲੀ ਵਿੱਚ ਦਿੱਲੀ ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤ ਗਈ। ਜ਼ਿਲ੍ਹਾ ਸਕੱਤਰ ਜਰਮਨਜੀਤ ਸਿੰਘ ਬੰਡਾਲਾ, ਜ਼ੋਨ ਪ੍ਰਧਾਨ ਕੰਵਲਜੀਤ ਸਿੰਘ ਵੰਨਚੜੀ, ਦਿਲਬਾਗ ਸਿੰਘ ਖਾਪੜਖੇੜੀ ਦੀ ਅਗਵਾਈ ਹੇਠ ਇਕੱਠ ਕਰਕੇ ਪਿਛਲੇ 1 ਸਾਲ ਤੋਂ ਕਾਲੇ ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਸੰਘਰਸ਼ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਤੇ ਬੀਬੀਆਂ ਨੂੰ ਮੋਮਬੱਤੀਆਂ ਜਗਾ ਕੇ ਸ਼ਰਧਾਂਜਲੀ ਦਿੱਤੀ ਗਈ। ਮਨਰਾਜ ਸਿੰਘ, ਮੰਗਜੀਤ ਸਿੰਘ ਸਿੱਧਵਾਂ ਨੇ ਕਿਹਾ ਕਿ ਆਪਣੀਆਂ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਤੋਂ ਬਚਾਉਣ ਲਈ ਵਿੱਢੇ ਇਸ ਸੰਘਰਸ਼ ਵਿੱਚ ਜਿਨ੍ਹਾਂ ਨੇ ਆਪਣੀਆ ਜਾਨਾਂ ਵਾਰ ਕੇ ਇਸ ਸੰਘਰਸ਼ ਨੂੰ ਸਫਲ ਬਣਾਇਆ, ਉਨ੍ਹਾਂ ਨੂੰ ਜਥੇਬੰਦੀ ਹਮੇਸ਼ਾਂ ਯਾਦ ਰੱਖੇਗੀ ਅਤੇ ਉਨ੍ਹਾਂ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨ ਲਈ ਅੰਦੋਲਨ ਦੀਆਂ ਰਹਿੰਦੀਆਂ ਮੰਗਾਂ ਮੰਨਵਾਉਣ ਤੱਕ ਇਹ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਜਥੇਬੰਦੀ ਵਲੋਂ ਅੱਜ ਦਿੱਲੀ ਸਿੰਘੂ ਬਾਰਡਰ ਉੱਤੇ ਵੀ ਅੰਦੋਲਨ ਦਾ 1 ਸਾਲ ਪੂਰਾ ਹੋਣ ’ਤੇ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ, ਬੀਬੀਆਂ ਦਾ ਵੱਡਾ ਇਕੱਠ ਕੀਤਾ ਗਿਆ। ਇਸ ਮੌਕੇ ਨਿਰਵੈਲ ਸਿੰਘ ਚੱਬਾ, ਰਵਿੰਦਰਬੀਰ ਸਿੰਘ ਵੱਲਾ, ਕਸ਼ਮੀਰ ਸਿੰਘ ਫੌਜੀ, ਲਖਵਿੰਦਰ ਸਿੰਘ, ਰਾਣਾ ਸਿੰਘ ਗੁਰੂਵਾਲੀ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਹਾਜ਼ਰ ਸਨ।