ਪੱਤਰ ਪ੍ਰੇਰਕ
ਅੰਮ੍ਰਿਤਸਰ, 9 ਨਵੰਬਰ
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਬਾਬਾ ਬੁੱਢਾ ਸਾਹਿਬ, ਟਾਹਲੀ ਸਾਹਿਬ, ਕੱਥੂਨੰਗਲ ਅਤੇ ਮਜੀਠਾ ਜ਼ੋਨ ਦੀਆਂ ਮੀਟਿੰਗਾਂ ਪ੍ਰਧਾਨ ਗੁਰਭੇਜ ਝੰਡੇ, ਪ੍ਰਧਾਨ ਬਲਦੇਵ ਸਿੰਘ ਬੱਗਾ, ਪ੍ਰਧਾਨ ਸਵਿੰਦਰ ਸਿੰਘ ਰੂਪੋਵਾਲੀ, ਪ੍ਰਧਾਨ ਮੁਖ਼ਤਾਰ ਸਿੰਘ ਭੰਗਵਾਂ ਦੀ ਪ੍ਰਧਾਨਗੀ ਹੇਠ ਕੀਤੀਆਂ ਗਈਆਂ। ਮੀਟਿੰਗਾਂ ਤੋਂ ਬਾਅਦ ਨਾਅਰੇਬਾਜ਼ੀ ਕਰਦਿਆਂ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਗਏ।
ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਤੇ ਗੁਰਬਚਨ ਸਿੰਘ ਚੱਬਾ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਟਿੱਪਣੀ ਕਰਦਿਆਂ ਕਿਹਾ ਕਿ ਯੂਪੀ ਦੇ ਲਖੀਮਪੁਰ ਖੀਰੀ ਕਾਂਡ ਦੀ ਜਾਂਚ ਲਈ ਜੋ ਕਮਿਸ਼ਨ ਬਣਾਇਆ ਗਿਆ ਹੈ, ਉਹ ਕਮਿਸ਼ਨ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੇ ਅਹੁਦੇ ’ਤੇ ਰਹਿੰਦਿਆਂ ਨਿਰਪੱਖ ਜਾਂਚ ਨਹੀਂ ਕਰ ਸਕਦਾ। ਉਸ ਨੂੰ ਅਹੁਦੇ ਤੋਂ ਹਟਾ ਕੇ ਗ੍ਰਿਫ਼ਤਾਰ ਕੀਤਾ ਜਾਵੇ ਤੇ ਸੂਬੇ ਤੋਂ ਬਾਹਰ ਦੇ ਹਾਈ ਕੋਰਟ ਦੇ ਜੱਜ ਤੋਂ ਜਾਂਚ ਕਰਵਾਈ ਜਾਵੇ। ਕਿਸਾਨ ਆਗੂ ਗੁਰਲਾਲ ਸਿੰਘ ਮਾਨ, ਕੰਵਰਦਲੀਪ ਸੈਦੋਲੇਹਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਭਾਜਪਾ ਆਗੂਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਭਾਜਪਾ ਵਰਕਰ ਲੋਕਾਂ ਅਤੇ ਪਾਰਟੀ ਵਿਚਕਾਰ ਪੁਲ ਦਾ ਕੰਮ ਕਰਨ, ਇਸ ਦਾ ਮਤਲਬ ਹੈ ਕਿ ਉਹ ਮੰਨ ਚੁੱਕੇ ਹਨ ਕਿ ਭਾਜਪਾ ਆਪਣਾ ਵਿਸ਼ਵਾਸ ਗੁਆ ਚੁੱਕੀ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਤੁਰੰਤ ਖੇਤੀ ਕਾਨੂੰਨ ਰੱਦ ਕਰ ਕੇ ਐਮਐਸਪੀ ਦੀ ਗਾਰੰਟੀ ਦਾ ਕਾਨੂੰਨ ਬਣਾਵੇ, ਡੀਏਪੀ ਦੀ ਬਲੈਕ ਤੇ ਕਿੱਲਤ ਨੂੰ ਦੂਰ ਕਰੇ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਤੋਂ ਹਜ਼ਾਰਾਂ ਕਿਸਾਨਾਂ-ਮਜ਼ਦੂਰਾਂ ਦਾ ਜਥਾ 24 ਨਵੰਬਰ ਨੂੰ ਦਿੱਲੀ ਮੋਰਚੇ ਲਈ ਰਵਾਨਾ ਕੀਤਾ ਜਾਵੇਗਾ।