ਪੱਤਰ ਪ੍ਰੇਰਕ
ਅੰਮ੍ਰਿਤਸਰ, 24 ਨਵੰਬਰ
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਆਪਣੇ ਸਥਾਪਨਾ ਦਿਵਸ ਮੌਕੇ ਹਰ ਵਰ੍ਹੇ ਕਰਵਾਏ ਜਾਂਦੇ ਸਮਾਗਮਾਂ ਮੌਕੇ ਯੂਨੀਵਰਸਿਟੀ ਨਾਲ ਸੰਬੰਧਤ ਵੱਖ-ਵੱਖ ਕਾਲਜਾਂ ਵਲੋਂ ਪੁਰਾਤਨ ਬੇਸ਼ਕੀਮਤੀ ਵਸਤੂਆਂ ਦੀ ਪ੍ਰਦਰਸ਼ਨੀ ਲਾਈ ਗਈ, ਜਿਸ ਵਿੱਚ ਨੌਜਵਾਨ ਵਿਦਿਆਰਥੀਆਂ ਨੇ ਡੂੰਘੀ ਦਿਲਚਸਪੀ ਦਿਖਾਈ। ਵਿਦਿਆਰਥੀ ਜਿਥੇ ਵਸਤੂਆਂ ਬਾਰੇ ਜਾਣਕਾਰੀ ਲੈਂਦੇ ਰਹੇ, ਉਥੇ ਸੈਲਫੀਆਂ ਅਤੇ ਹੋਰਨਾਂ ਸਾਧਨਾਂ ਰਾਹੀਂ ਮਾਹੌਲ ਨੂੰ ਯਾਦਗਾਰੀ ਵੀ ਬਣਾਉਂਦੇ ਰਹੇ। ਬਾਬਾ ਬੁੱਢਾ ਕਾਲਜ ਬੀੜ ਸਾਹਿਬ, ਬੀ ਬੀ ਕੇ ਡੀਏਵੀ ਕਾਲਜ, ਹੰਸ ਰਾਜ ਮਹਿਲਾ ਵਿਦਿਆਲਿਆ, ਅਨੰਦ ਕਾਲਜ, ਏ ਪੀ ਜੇ ਕਾਲਜ ਅਤੇ ਸ਼ਾਂਤੀ ਦੇਵੀ ਕਾਲਜ ਵਲੋਂ ਲਾਈ ਇਸ ਕਲਾ ਪ੍ਰਦਰਸ਼ਨੀ ਵਿਚ ਪੁਰਾਣੇ ਵੇਲਿਆਂ ਦੇ ਤਾਂਬਾ, ਪਿੱਤਲ, ਭਰਥ ਅਤੇ ਮਿੱਟੀ ਦੇ ਭਾਂਡੇ ਸ਼ਾਮਲ ਸਨ। ਹਲ਼, ਪੰਜਾਲੀ, ਵੇਲਣਾ, ਖੂਹ ਦੀਆਂ ਟਿੰਡਾਂ ਅਤੇ ਪੁਰਾਤਨ ਲੋਕ ਸਾਜਾਂ ਵਿਚ ਸਾਰੰਗੀ, ਢੱਡ, ਬੁਕਚੂ, ਚਿਮਟਾ, ਤੂੰਬੀ, ਜਿੰਦਰੇ ,ਚਰਖਾ ਅਟੇਰਨ ਅਤੇ ਸਿੱਕੇ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ। ਇਸ ਮੌਕੇ ਪ੍ਰਿੰ. ਜੋਗਿੰਦਰ ਸਿੰਘ ਚੀਮਾ, ਦੀਪ ਦੇਵਿੰਦਰ ਸਿੰਘ, ਹਰਜੀਤ ਸੰਧੂ, ਪ੍ਰੋ. ਸੁਖਪਾਲ ਕੌਰ, ਡਾ. ਅਮਨਪ੍ਰੀਤ ਸਿੰਘ, ਪ੍ਰੋ. ਸੁਰਿੰਦਰ ਸਿੰਘ, ਅਮਨਦੀਪ ਕੌਰ, ਰਮਨਦੀਪ ਕੌਰ, ਇੰਦਰਜੀਤ ਸਿੰਘ, ਡਾ. ਸੁਨੀਤਾ ਸ਼ਰਮਾ, ਸਿਮਰਜੀਤ ਗਿੱਲ, ਕਿਰਨਦੀਪ ਕੌਰ ਆਦਿ ਹਾਜ਼ਰ ਸਨ।