ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 16 ਅਕਤੂਬਰ
ਸਥਾਨਕ ਆਰਟ ਗੈਲਰੀ ਵਿੱਚ ‘ਮਿਰੇਕਲ ਹਾਈਜ਼’ ਨਾਮ ਦੀ ਪ੍ਰਦਰਸ਼ਨੀ ਲਗਾਈ ਗਈ। ਸੰਸਥਾ ਦੇ ਆਨ. ਜਨਰਲ ਸਕੱਤਰ ਡਾ. ਏ.ਐਸ ਚਮਕ ਨੇ ਦੱਸਿਆ ਹੈ ਕਿ ਇਹ ਪ੍ਰਦਰਸ਼ਨੀ ਸ਼ਵੇਤਾ ਕਪੂਰ ਵਲੋਂ ਲਗਾਈ ਗਈ, ਜੋ ਪਿਛਲੇ 20 ਸਾਲਾਂ ਤੋਂ ਇਸ ਕਲਾ ਦੇ ਖੇਤਰ ਵਿੱਚ ਕੰਮ ਕਰ ਰਹੀ ਹੈ।ਇਸ ਸਮੇਂ 30 ਦੇ ਕਰੀਬ ਕਲਾਕ੍ਰਿਤੀਆਂ ਪ੍ਰਦਰਸ਼ਿਤ ਕੀਤੀਆਂ ਗਈਆਂ।ਉਨਾਂ ਦੱਸਿਆ ਕਿ ਕਲਾਕਾਰ ਨੇ ਟੈਕਸਟਾਈਲ ਡਿਜ਼ਾਈਨ ਅਤੇ ਪ੍ਰਿੰਟਿੰਗ ਦੇ ਖੇਤਰ ਵਿੱਚ ਸਿਖਿਆ ਹਾਸਲ ਕੀਤੀ ਹੋਈ ਹੈ ਅਤੇ ਬਹੁਤ ਸਾਰੇ ਸਕੂਲਾਂ ਵਿੱਚ ਬਤੌਰ ਅਧਿਆਪਕ ਕੰਮ ਕੀਤਾ ਹੈ। ਇਸ ਪ੍ਰਦਰਸ਼ਨੀ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੇ ਸਰਪ੍ਰਸਤ ਡਾ. ਇੰਦਰਜੀਤ ਕੌਰ ਨੇ ਕੀਤਾ, ਜਦਕਿ ਬੀ.ਬੀ.ਕੇ ਡੀ.ਏ.ਵੀ ਕਾਲਜ ਦੀ ਲੋਕਲ ਕਮੇਟੀ ਦੇ ਚੇਅਰਮੈਨ ਸੁਦਰਸ਼ਨ ਕਪੂਰ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ।ਉਨਾਂ ਨੇ ਪ੍ਰਦਰਸ਼ਿਤ ਕਲਾਕ੍ਰਿਤੀਆਂ ਨੂੰ ਬਾਰੀਕੀ ਨਾਲ ਦੇਖਿਆ ਅਤੇ ਕਲਾਕਾਰ ਦੇ ਕੰਮ ਦੀ ਸ਼ਲ਼ਾਘਾ ਕੀਤੀ।ਇਸ ਮੌਕੇ ਆਰਟ ਗੈਲਰੀ ਦੇ ਮੈਂਬਰਾਂ ਤੋਂ ਇਲਾਵਾ ਸ਼ਹਿਰ ਦੇ ਪਤਵੰਤੇ ਅਤੇੇ ਕਲਾਪ੍ਰੇਮੀ ਹਾਜ਼ਰ ਸਨ। ਮਿਲੀ ਸੂਚਨਾ ਅਨੁਸਾਰ ਇਹ ਪ੍ਰਦਰਸ਼ਨੀ 18 ਅਕਤੂਬਰ ਤੱਕ ਚਲੇਗੀ।