ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 16 ਸਤੰਬਰ
ਪੰਜਾਬ ਐਂਡ ਯੂਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਕਨਵੀਨਰ ਸੁਖਦੇਵ ਸਿੰਘ ਪੰਨੂੰ, ਜੋਗਿੰਦਰ ਸਿੰਘ, ਗੁਰਦੀਪ ਸਿੰਘ ਬਾਜਵਾ ਅਤੇ ਕੁਲਦੀਪ ਸਿੰਘ ਉਦੋਕੇ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦੇ ਦਫਤਰ ਸਾਹਮਣੇ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਗਈ।
ਇਸ ਮੌਕੇ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਤਿੰਨ ਸਾਲਾਂ ਤੋਂ ਲਟਕਾਈ ਤਨਖਾਹ ਕਮਿਸ਼ਨ ਦੀ ਰਿਪੋਰਟ ਤੁਰੰਤ ਲਾਗੂ ਕੀਤੀ ਜਾਵੇ, ਪੁਨਰਗਠਨ ਦੇ ਨਾਂ ’ਤੇ ਵੱਖ-ਵੱਖ ਅਦਾਰਿਆਂ ਵਿਚ ਮੁਲਾਜ਼ਮਾਂ ਦੀਆਂ ਛਾਂਟੀਆਂ ਕਰਨ ਦੀਆਂ ਤਜਵੀਜ਼ਾਂ ਬੰਦ ਕੀਤੀਆਂ ਜਾਣ, ਮੁਲਾਜ਼ਮਾਂ ਦੀ ਭਰਤੀ ਸਮੇਂ ਕੇਂਦਰ ਨਾਲੋਂ ਵੱਧ ਤਨਖਾਹ ਸਕੇਲ ਦੇਣ ਦਾ ਨੋਟੀਫਿਕੇਸ਼ਨ ਵਾਪਸ ਲਿਆ ਜਾਵੇ, ਮੋਬਾਈਲ ਭੱਤੇ ਵਿਚ ਕਟੌਤੀ ਕਰਨ ਵਾਲਾ ਪੱਤਰ ਵਾਪਸ ਲਿਆ ਜਾਵੇ, ਹਰੇਕ ਤਰ੍ਹਾਂ ਦੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ, ਪੁਰਾਣੀ ਪੈਨਸ਼ਨ ਨੀਤੀ ਲਾਗੂ ਕੀਤੀ ਜਾਵੇ, ਮਹਿੰਗਾਈ ਭੱਤੇ ਦੀਆਂ ਪੰਜ ਬਕਾਇਆ ਕਿਸ਼ਤਾਂ ਨੂੰ ਤੁਰੰਤ ਜਾਰੀ ਕੀਤਾ ਜਾਵੇ, ਬੱਝਵਾਂ ਮੈਡੀਕਲ ਭੱਤਾ 2000 ਰੁਪਏ ਕੀਤਾ ਜਾਵੇ, ਮਹਿੰਗਾਈ ਭੱਤੇ ਦਾ 151 ਮਹੀਨੇ ਦਾ ਬਕਾਇਆ ਯਕਮੁਸ਼ਤ ਤੁਰੰਤ ਨਕਦ ਜਾਰੀ ਕੀਤਾ ਜਾਵੇ, ਸਾਲਾਨਾ 2400 ਲਾਇਆ ਜਜ਼ੀਆ ਟੈਕਸ ਵਾਪਸ ਲਿਆ ਜਾਵੇ, ਪੈਨਸ਼ਨ ਦੁਹਰਾਈ ਦੀਆਂ ਪਾਵਰਾਂ ਡੀਡੀਓ ਪੱਧਰ ’ਤੇ ਦਿੱਤੀਆਂ ਜਾਣ, ਗਰੈਚਟੀ ਦੀ ਹੱਦ 10 ਲੱਖ ਤੋਂ ਵਧਾ ਕੇ 20 ਲੱਖ ਕੀਤੀ ਜਾਵੇ।
ਤਰਨ ਤਾਰਨ (ਗੁਰਬਖ਼ਸ਼ਪੁਰੀ): ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਸ਼ੁਰੂ ਕੀਤੇ ਅੰਦੋਲਨ ਦੇ ਪਹਿਲੇ ਦਿਨ ਇਥੋਂ ਦੇ ਬੱਸ ਸਟੈਂਡ ’ਤੇ ਪੰਜਾਬ ਤੇ ਯੂਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸ਼ਾਂਝਾ ਫਰੰਟ ਦੇ ਸੱਦੇ ਉਤੇ ਜਥੇਬੰਦੀ ਦੇ ਆਗੂ ਸਰਬਜੀਤ ਸਿੰਘ, ਮਨਜੀਤ ਸਿੰਘ, ਸੁਖਬੀਰ ਸਿੰਘ, ਗੁਰਬਿੰਦਰ ਸਿੰਘ ਅਤੇ ਜਰਨੈਲ ਸਿੰਘ ਪੰਜ ਵਰਕਰ ਲੜੀਵਾਰ ਭੁੱਖ ਹੜਤਾਲ ’ਤੇ ਬੈਠ ਗਏ ਹਨ। ਇਸ ਮੌਕੇ ਕੀਤੀ ਇਕ ਰੈਲੀ ਨੂੰ ਹੋ ਬੁਲਾਰਿਆਂ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਨ ਦੀ ਬਜਾਏ ਪਹਿਲਾਂ ਤੋਂ ਮਿਲ ਰਹੇ ਭੱਤਿਆਂ ਵਿੱਚ ਕਟੌਤੀਆਂ ਕਰਨ ’ਤੇ ਚਿੰਤਾ ਜ਼ਾਹਰ ਕੀਤੀ|
ਪਠਾਨਕੋਟ (ਐੱਨਪੀ ਧਵਨ): ਪੰਜਾਬ ਤੇ ਯੂਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੱਦੇ ’ਤੇ 15 ਰੋਜ਼ਾ ਲੜੀਵਾਰ ਭੁੱਖ ਹੜਤਾਲ ਡੀਸੀ ਦਫਤਰ ਪਠਾਨਕੋਟ ਅੱਗੇ ਅੱਜ ਤੋਂ ਸ਼ੁਰੂ ਕਰ ਦਿੱਤੀ ਗਈ। ਇਸ ਭੁੱਖ ਹੜਤਾਲ ਦੀ ਸ਼ੁਰੂਆਤ ਮੌਕੇ ਸੀਨੀਅਰ ਕਨਵੀਨਰ ਨਰੇਸ਼, ਜ਼ਿਲ੍ਹਾ ਕੋਆਰਡੀਨੇਟਰ ਗੁਰਨਾਮ ਸਿੰਘ ਸੈਣੀ, ਡੀਸੀ ਦਫਤਰ ਯੂਨੀਅਨ ਆਗੂ ਗੁਰਦੀਪ ਸਫਰੀ, ਗੁਰਨਾਮ ਸਿੰਘ ਮਟੌਰ, ਨਰਵੇਸ਼ ਡੋਗਰਾ, ਸਲਵਿੰਦਰ ਸਿੰਘ ਆਦਿ ਆਗੂ ਹਾਜ਼ਰ ਹੋਏ ਅਤੇ ਇਨ੍ਹਾਂ ਨੇ ਭੁੱਖ ਹੜਤਾਲੀ ਕੈਂਪ ਵਿੱਚ ਹਾਜ਼ਰ ਮੁਲਾਜ਼ਮਾਂ ਨੂੰ ਸੰਬੋਧਨ ਕੀਤਾ।