ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 26 ਅਪਰੈਲ
ਮੰਚ-ਰੰਗਮੰਚ ਵੱਲੋਂ ਵਿਰਸਾ ਵਿਹਾਰ ਸੁਸਾਇਟੀ ਦੇ ਸਹਿਯੋਗ ਨਾਲ ਚੱਲ ਰਹੇ ਕੌਮੀ ਰੰਗਮੰਚ ਉਤਸਵ ਵਿੱਚ ਯੰਗ ਮਲੰਗ ਥੀਏਟਰ ਗਰੁੱਪ ਦੀ ਟੀਮ ਵੱਲੋਂ ਦਵਿੰਦਰ ਗਿੱਲ ਦਾ ਲਿਖਿਆ ਅਤੇ ਸਾਜਨ ਕਪੂਰ ਦਾ ਨਿਰਦੇਸ਼ਤ ਕੀਤਾ ਪੰਜਾਬੀ ਨਾਟਕ ‘ਇਸ਼ਕ ਰੀਮਿਕਸ’ ਦਾ ਮੰਚਨ ਕੀਤਾ ਗਿਆ। ਨਾਟਕ ਇਸ਼ਕ ਰੀਮਿਕਸ ਅੱਜ ਦੇ ਸਮੇਂ ਦੀ ਇਸ਼ਕ ਦੀ ਬਾਤ ਪਾਉਂਦਾ ਹੈ। ਪੰਜਾਬ ਦੀਆਂ ਮਸ਼ਹੂਰ ਪ੍ਰੇਮ ਜੋੜੀਆਂ ਮਿਰਜ਼ਾ ਸਾਹਿਬਾਂ ਅਤੇ ਹੀਰ ਰਾਂਝਾ ਅੱਜ ਦੇ ਜ਼ਮਾਨੇ ਵਿੱਚ ਆ ਕੇ ਕਿਸ ਤਰ੍ਹਾਂ ਬਦਲ ਜਾਂਦੇ ਹਨ। ਅਜੋਕੇ ਯੁੱਗ ਵਿੱਚ ਪਿਆਰ ਦੀ ਕੀ ਪਰਿਭਾਸ਼ਾ ਹੈ, ਪਿਆਰ ਹੈ ਵੀ ਜਾਂ ਨਹੀਂ, ਆਦਿ ਵਿਸ਼ਿਆਂ ਨੂੰ ਨਾਟਕ ਵਿਅੰਗਮਈ ਤਰੀਕੇ ਨਾਲ ਪੇਸ਼ ਕਰਦਾ ਹੈ। ਕੀ ਬਦਲੇ ਸਮੇਂ ਵਿੱਚ ਉਨ੍ਹਾਂ ਦਾ ਪਿਆਰ ਪ੍ਰਵਾਨ ਚੜ੍ਹਦਾ ਹੈ ਜਾਂ ਨਹੀਂ? ਨਵੀਂ ਪੀੜ੍ਹੀ ਲਈ ਇਸ਼ਕ ਮਹੱਤਵਪੂਰਨ ਹੈ ਜਾਂ ਕਰੀਅਰ? ਇਹੀ ਇਸ ਨਾਟਕ ਦਾ ਵਿਸ਼ਾ ਹੈ। ਇਸ ਨਾਟਕ ਵਿੱਚ ਨਾਜਿਸ਼ ਮਾਨ, ਹਾਰੁਨ ਅਰੋੜਾ, ਅਰਜੁਨ ਸਿੰਘ, ਰਾਕੇਸ਼ ਸ਼ਰਮਾ, ਅਕਿੰਤਾ ਸ਼ਰਮਾ, ਰਾਜਦੀਪ ਸਿੰਘ, ਕਰਨ ਕਾਲੀਆ, ਪਰਮਿੰਦਰ ਕੌਰ, ਕਰਨਬੀਰ, ਕਰਨ ਗਿੱਲ, ਅਭਿਸ਼ੇਕ ਭਾਰਦਵਾਜ, ਮੁਸਕਾਨ, ਹੈਰੀ, ਰੋਮੀ, ਪੁੰਜ, ਸਾਰਥਕ, ਗੁਰਵੈਲ ਸਿੰਘ, ਸ਼ਿਵਮ ਅਤੇ ਸਾਜਨ ਕਪੂਰ ਨੇ ਕੰਮ ਕੀਤਾ।
ਅੰਬੇਡਕਰ ਮਿਸ਼ਨ ਟਰੱਸਟ ਵੱਲੋਂ ਸਮਾਗਮ
ਗੜ੍ਹਸ਼ੰਕਰ (ਨਿੱਜੀ ਪੱਤਰ ਪ੍ਰੇਰਕ): ਡਾ. ਬੀਆਰ ਅੰਬੇਡਕਰ ਮਿਸ਼ਨ ਟਰੱਸਟ ਗੜ੍ਹਸ਼ੰਕਰ ਵੱਲੋਂ ਇੱਥੋਂ ਥੋੜ੍ਹੀ ਦੂਰ ਪਿੰਡ ਖਾਨਪੁਰ ਵਿਚ ਡਾ. ਅੰਬੇਡਕਰ ਜਨਮ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਮਾਗਮ ਦੇ ਮੁੱਖ ਬੁਲਾਰੇ ਡਾ. ਨਰਿੰਦਰ ਜੱਖੂ ਅਤੇ ਡਾ. ਕਸ਼ਮੀਰ ਚੰਦ ਨੇ ਸੰਬੋਧਨ ਕੀਤਾ। ਉਨ੍ਹਾਂ ਬਾਬਾ ਸਾਹਿਬ ਦੇ ਜੀਵਨ ਸੰਘਰਸ਼ ਤੇ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਦੀਆਂ ਸਿੱਖਿਆਵਾਂ ’ਤੇ ਅਮਲ ਕੀਤੇ ਬਿਨਾ ਸਮਾਜ ਤਰੱਕੀ ਨਹੀਂ ਕਰ ਸਕਦਾ। ਮੌਜੂਦਾ ਹਾਲਾਤ ’ਚ ਰਾਜਨੀਤੀ ਵਿੱਚ ਆ ਰਹੀ ਗਿਰਾਵਟ ਬਾਰੇ ਜਾਗਰੂਕ ਕਰਦਿਆਂ ਉਨ੍ਹਾਂ ਵੋਟ ਦੇ ਅਧਿਕਾਰਾਂ ਦੀ ਸਹੀ ਵਰਤੋਂ ਕਰਨ ਲਈ ਵੀ ਪ੍ਰੇਰਿਆ। ਇਸ ਮੌਕੇ ਪ੍ਰਗਤੀ ਕਲਾ ਕੇਂਦਰ ਜਲਾਲਾਬਾਦ ਵੱਲੋਂ ਇਨਕਲਾਬੀ ਨਾਟਕ ਤੇ ਕੋਰੀਉਗ੍ਰਾਫੀਆਂ ਤੋਂ ਇਲਾਵਾ ਰਣਜੀਤ ਪੋਸੀ ਦੀ ਅਗਵਾਈ ਵਿੱਚ ਦਰਪਣ ਕਲਾ ਮੰਚ ਪੋਸੀ ਵੱਲੋਂ ਸਕਿੱਟਾਂ ਤੇ ਕੋਰੀਉਗ੍ਰਾਫੀਆਂ ਦੀ ਪੇਸ਼ਕਾਰੀ ਕੀਤੀ ਗਈ।