ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 9 ਮਈ
ਚੀਫ ਖਾਲਸਾ ਦੀਵਾਨ ਦੇ ਨਵੇਂ ਬਣੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਝਰ ਨੇ ਅੱਜ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਅਤੇ ਜਿੱਤ ਲਈ ਗੁਰੂ ਘਰ ਦਾ ਸ਼ੁਕਰਾਨਾ ਕੀਤਾ ਹੈ। ਡਾ. ਨਿੱਝਰ ਇਸ ਵੇਲੇ ਆਮ ਆਦਮੀ ਪਾਰਟੀ ਵਲੋਂ ਹਲਕਾ ਦੱਖਣੀ ਤੋਂ ਵਿਧਾਇਕ ਵੀ ਹਨ। ਬੀਤੇ ਕੱਲ੍ਹ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਦੇ ਅਹੁਦੇ ਵਾਸਤੇ ਹੋਈ ਚੋਣ ਵਿਚ ਵਿਧਾਇਕ ਡਾ. ਨਿੱਜਰ ਸਰਬਜੀਤ ਸਿੰਘ ਨੂੰ 158 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਦੀਵਾਨ ਦੇ ਪ੍ਰਧਾਨ ਚੁਣੇ ਗਏ ਸਨ। ਉਹ ਆਪਣੇ ਸਾਥੀਆਂ ਸਮੇਤ ਗੁਰੂ ਘਰ ਗਏ ਅਤੇ ਕੁਝ ਸਮਾਂ ਗੁਰਬਾਣੀ ਦਾ ਕੀਰਤਨ ਸੁਣਿਆ ਹੈ। ਮਗਰੋਂ ਉਨ੍ਹਾਂ ਨੂੰ ਸੂਚਨਾ ਕੇਂਦਰ ਵਿਚ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਅਤੇ ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਜੱਸੀ ਵਲੋਂ ਸਿਰੋਪਾਓ ਅਤੇ ਮਾਡਲ ਦੇ ਕੇ ਸਨਮਾਨਿਤ ਕੀਤਾ ਗਿਆ। ਮੀਡੀਆ ਨਾਲ ਸੰਖੇਪ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਉਹ ਦੀਵਾਨ ਦੇ ਪ੍ਰਧਾਨ ਵਜੋਂ ਸੰਸਥਾ ਵਲੋਂ ਸਿੱਖੀ ਤੇ ਸਿੱਖਿਆ ਦੇ ਪ੍ਰਚਾਰ ਤੇ ਪਸਾਰ ਲਈ ਯਤਨ ਕਰਨਗੇ। ਵਿਦਿਆ ਦੇ ਖੇਤਰ ਵਿਚ ਬੱਚਿਆਂ ਨੂੰ ਚੰਗੀ ਤੇ ਮਿਆਰੀ ਵਿਦਿਆ ਦੇ ਕੇ ਸਮੇਂ ਦਾ ਹਾਣੀ ਬਣਾਇਆ ਜਾਵੇਗਾ। ਦਿਹਾਤੀ ਖੇਤਰ ਵਿਚ ਸਿਖਿਆ ਦੀਆਂ ਬੇਹਤਰ ਸੇਵਾਵਾਂ ਮੁਹਈਆ ਕਰਨਗੇ। ਉਨ੍ਹਾਂ ਦੇ ਨਾਲ ਭਗਵੰਤਪਾਲ ਸਿੰਘ ਸੱਚਰ, ਸੰਤੋਖ ਸਿੰਘ ਸੇਠੀ, ਸੁਖ ਧਾਲੀਵਾਲ, ਸੁਖਜਿੰਦਰ ਸਿੰਘ ਪ੍ਰਿੰਸ, ਪਰਦੀਪ ਸਿੰਘ ਵਾਲੀਆ, ਜਸਪਾਲ ਸਿੰਘ ਢਿੱਲੋਂ ਤੇ ਹੋਰ ਪਤਵੰਤੇ ਹਾਜ਼ਰ ਸਨ।