ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 5 ਜਨਵਰੀ
ਮੇਅਰ ਕਰਮਜੀਤ ਸਿੰਘ ਰਿੰਟੂ ਨੇ ਅੱਜ ਅੰਦਰੂਨ ਸ਼ਹਿਰ (ਵਾਲਡ ਸਿਟੀ) ’ਚ ਡੋਰ-ਟੂ-ਡੋਰ ਕੂੜੇ ਦੀ ਲਿਫਟਿੰਗ ਸ਼ੁਰੂ ਕਰਵਾਈ। ਇਹ ਕੰਮ ਦੁਬਈ ਬੇਸਡ ਅਵਰਧਾ ਕੰਪਨੀ ਨੂੰ ਸੌਂਪਿਆ ਗਿਆ ਹੈ। ਕੰਪਨੀ ਦੀਆਂ 41 ਗੱਡੀਆਂ ਘਰ ਘਰ ਜਾ ਕੇ ਤੰਗ ਗਲੀਆਂ-ਬਾਜ਼ਾਰਾਂ ਵਿਚੋਂ ਕੂੜਾ ਚੁੱਕ ਰਹੀਆਂ ਹਨ। ਮੇਅਰ ਰਿੰਟੂ ਨੇ ਦੱਸਿਆ ਕਿ ਨਗਰ ਨਿਗਮ ਅਤੇ ਅਵਰਧਾ ਕੰਪਨੀ ਵਲੋਂ ਗਿੱਲੇ ਅਤੇ ਸੁੱਕੇ ਕੂੜੇ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਕੂੜੇਦਾਨ ਵੰਡਣ ਦੀ ਸ਼ੁਰੂਆਤ ਵੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ 35 ਹਜ਼ਾਰ ਕੂੜਾਦਾਨ ਮੁਫ਼ਤ ਵੰਡੇ ਜਾਣਗੇ ਤਾਂ ਜੋ ਉਹ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਕਰਕੇ ਅਵਰਧਾ ਕੰਪਨੀ ਦੀ ਗੱਡੀ ਨੂੰ ਦੇ ਸਕਣ। ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਕਿਹਾ ਕਿ ਅਵਰਧਾ ਕੰਪਨੀ ਵਲੋਂ ਅੰਦਰੂਨ ਸ਼ਹਿਰ ਲਈ ਜੋ ਕੂੜੇਦਾਨ ਵੰਡਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਉਸ ਨਾਲ ਸ਼ਹਿਰ ਸਾਫ-ਸੁਥਰਾ ਰੱਖਣ ਲਈ ਮਦਦ ਹੋਵੇਗੀ।
ਕੰਪਨੀ ਦੇ ਮਹਾ ਪ੍ਰਬੰਧਕ ਅਮਿਤ ਵਾਜਪਾਈ ਨੇ ਕਿਹਾ ਕਿ ਕੰਪਨੀ ਆਪਣੀਆਂ ਗੱਡੀਆਂ ’ਤੇ ਜਾਗਰੂਕਤਾ ਸੁਨੇਹੇ ਲਿਖ ਰਹੀ ਹੈ।