ਪੱਤਰ ਪ੍ਰੇਰਕ
ਸ਼ਾਹਕੋਟ, 23 ਅਕਤੂਬਰ
ਇਲਾਕੇ ਦੀਆਂ ਕਈ ਵਿਦਿਅਕ ਸੰਸਥਾਵਾਂ ਵਿਚ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ। ਸਕੂਲ ਮੁਖੀਆਂ ਨੇ ਵਿਦਿਆਰਥੀਆਂ ਨੂੰ ਹਰੀ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ। ਮਾਤਾ ਸਾਹਿਬ ਕੌਰ ਖਾਲਸਾ ਕਾਲਜ ਤੇ ਸੀਨੀਅਰ ਸੈਕੰਡਰੀ ਸਕੂਲ ਢੰਡੋਵਾਲ ਵਿੱਚ ਮਨਾਏ ਗਏ ਦੀਵਾਲੀ ਦੇ ਤਿਉਹਾਰ ਮੌਕੇ ਵਿਦਿਆਰਥੀਆਂ ਦੇ ਰੰਗੋਲੀ, ਗਿਫਟ ਤੇ ਦੀਵੇ ਸਜਾਉਣ ਅਤੇ ਕਾਰਡ ਬਣਾਉਣ ਦੇ ਮੁਕਾਬਲੇ ਕਰਵਾਏ ਗਏ। ਕਾਲਜ ਪ੍ਰਿੰਸੀਪਲ ਰਾਜਵਿੰਦਰ ਕੌਰ, ਸਕੂਲ ਪ੍ਰਿੰਸੀਪਲ ਰੇਖਾ ਸ਼ਰਮਾ, ਕਮੇਟੀ ਦੇ ਪ੍ਰਧਾਨ ਬਲਦੇਵ ਸਿੰਘ ਚੱਠਾ, ਮੀਡੀਆ ਇੰਚਾਰਜ ਡਾ. ਨਗਿੰਦਰ ਸਿੰਘ ਬਾਂਸਲ ਅਤੇ ਚਰਨ ਸਿੰਘ ਸਿੰਧੜ ਨੇ ਬੱਚਿਆਂ ਨੂੰ ਦੀਵਾਲੀ ਦੇ ਇਤਿਹਾਸ ਤੋਂ ਜਾਣੂ ਕਰਵਾਉਂਦਿਆ ਬੂਟੇ ਲਗਾ ਕੇ ਉਨ੍ਹਾਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ।
ਏਪੀਐੱਸ ਨਰਸਿੰਗ ਕਾਲਜ ਮਲਸੀਆਂ ਵਿੱਚ ਪ੍ਰਿੰਸੀਪਲ ਜੇ ਚੌਹਾਨ ਦੀ ਅਗਵਾਈ ਵਿਚ ਵਿਦਿਆਰਥਣਾਂ ਵੱਲੋਂ ਮਨਾਏ ਗਏ ਦੀਵਾਲੀ ਦੇ ਤਿਉਹਾਰ ਮੌਕੇ ਵਿਦਿਆਰਥਣਾਂ ਦੇ ਵੱਖ-ਵੱਖ ਪ੍ਰਕਾਰ ਦੇ ਮੁਕਾਬਲੇ ਗਏ। ਬੇਰੀਜ਼ ਗਲੋਬਲ ਡਿਸਕਵਰੀ ਸਕੂਲ ਮਲਸੀਆਂ ਵਿੱਚ ਵੀ ਦੀਵਾਲੀ ਦਾ ਤਿਉਹਾਰ ਪ੍ਰਿੰਸੀਪਲ ਸੰਦੀਪ ਕੌਰ ਦੀ ਅਗਵਾਈ ਹੇਠ ਮਨਾਇਆ।
ਤਰਨ ਤਾਰਨ (ਪੱਤਰ ਪ੍ਰੇਰਕ): ਮਾਤਾ ਸਾਹਿਬ ਕੌਰ ਮਾਰਡਨ ਸੀਨੀਅਰ ਸੈਕੰਡਰੀ ਸਕੂਲ ਭਰੋਵਾਲ ਵਿੱਚ ਅੱਜ ਦੀਵਾਲੀ ਦਾ ਤਿਉਹਾਰ ਬਹੁਤ ਮਨਾਇਆ ਗਿਆ| ਇਸ ਮੌਕੇ ਵਿਦਿਆਰਥੀਆਂ ਨੇ ਤਿਉਹਾਰ ਦੀ ਮਹੱਤਤਾ ਤੇ ਵਾਤਾਵਰਨ ਪੱਖੀ ਭਾਸ਼ਣ ਦਿੱਤੇ ਤੇ ਕਵਿਤਾਵਾਂ ਪੇਸ਼ ਕੀਤੀਆਂ| ਪ੍ਰਿੰਸੀਪਲ ਨਵਜੋਤੀ ਨੇ ਵਿਦਿਆਰਥੀਆਂ ਨੂੰ ਸਾਫ਼-ਸੁਥਰੀ ਤੇ ਹਰੀ ਦੀਵਾਲੀ ਮਨਾਉਣ ਦਾ ਸੰਦੇਸ਼ ਦਿੱਤਾ। ਸਕੂਲ ਦੀ ਪ੍ਰਬੰਧਕ ਕਮੇਟੀ ਦੇ ਚੇਅਰਪਰਸਨ ਕਮੇਟੀ ਸੁਖਵਿੰਦਰ ਕੌਰ ਤੇ ਪ੍ਰਧਾਨ ਬਨਵੀਰ ਸਿੰਘ ਨੇ ਵਿਦਿਆਰਥੀਆਂ ਦੀਆਂ ਕਲਾ-ਕ੍ਰਿਤੀਆਂ ਦੀ ਭਰਪੂਰ ਸ਼ਲਾਘਾ ਕੀਤੀ।
ਦੀਵਾਲੀ ਮੌਕੇ ਵੱਡੀ ਗਿਣਤੀ ਲੋਕਾਂ ਵੱਲੋਂ ਯੋਗ ਅਭਿਆਸ
ਅੰਮ੍ਰਿਤਸਰ (ਟਨਸ): ਦੀਵਾਲੀ ਸਬੰਧੀ ਅੱਜ ਇੱਥੇ ਭਾਰਤੀ ਯੋਗ ਸੰਸਥਾ ਵੱਲੋਂ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਤਹਿਤ ਵੱਡੀ ਗਿਣਤੀ ਵਿੱਚ ਸਾਧਕਾ ਨੇ ਯੋਗ ਆਸਣ, ਪ੍ਰਾਣਾਯਾਮ ਅਤੇ ਧਿਆਨਯੋਗ ਸਾਧਨਾ ਕੀਤੀ। ਇਸ ਮੌਕੇ ਸਾਬਕਾ ਮੰਤਰੀ ਅਨਿਲ ਜੋਸ਼ੀ ਵਿਸ਼ੇਸ਼ ਤੌਰ ’ਤੇ ਪੁੱਜੇ, ਜਿਨ੍ਹਾਂ ਨੇ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਸਬੰਧੀ ਸਥਾਨਕ ਰਣਜੀਤ ਐਵੇਨਿਊ ਸਥਿਤ ਰਾਧਾ ਕ੍ਰਿਸ਼ਨ ਮੰਦਰ ਵਿੱਚ ਜ਼ਿਲ੍ਹੇ ਦੇ ਸਮੂਹ ਕੇਂਦਰਾਂ ਦੇ ਸਾਧਕਾਂ ਵੱਲੋਂ ਸਮੂਹਿਕ ਰੂਪ ਵਿੱਚ ਯੋਗ ਅਭਿਆਸ ਕੀਤਾ ਗਿਆ। ਸੰਸਥਾ ਦੇ ਸਥਾਨਕ ਮੁਖੀ ਸ੍ਰੀ ਬੀਰੇਂਦਰ ਧਵਨ ਨੇ ਯੋਗ ਆਸਨ, ਪ੍ਰਾਣਾਯਾਮ ਅਤੇ ਧਿਆਨ ਸਾਧਨਾ ਕਰਵਾਈ। ਸੰਸਥਾ ਦੇ ਲਗਪਗ 900 ਸਾਧਕਾਂ ਸਮੇਤ ਸੰਸਥਾ ਦੇ ਆਗੂ ਵਰਿੰਦਰ ਧਵਨ, ਸੁਨੀਲ ਕਪੂਰ, ਗਿਰਧਾਰੀ ਲਾਲ, ਮਨਮੋਹਨ ਕਪੂਰ, ਮਾਸਟਰ ਮੋਹਨ ਲਾਲ, ਸਤੀਸ਼ ਮਹਾਜਨ, ਪ੍ਰਮੋਦ ਸੋਢੀ ਆਦਿ ਹਾਜ਼ਰ ਸਨ।
ਵਿਦਿਆਰਥੀਆਂ ਦੇ ਪੇਂਟਿੰਗ ਤੇ ਕਾਰਡ ਬਣਾਉਣ ਦੇ ਮੁਕਾਬਲੇ
ਪਠਾਨਕੋਟ (ਪੱਤਰ ਪ੍ਰੇਰਕ): ਆਦਰਸ਼ ਭਾਰਤੀ ਮਹਾਵਿਦਿਆਲੇ ਵੱਲੋਂ ਦੀਵਾਲੀ ਮੌਕੇ ਪੇਂਟਿੰਗ, ਦੀਵਾ ਬਣਾਉਣ ਤੇ ਰੰਗੋਲੀ ਕਾਰਡ ਬਣਾਉਣ ਦੇ ਮੁਕਾਬਲੇ ਕਰਵਾਏ ਗਏ। ਇਸ ਵਿੱਚ ਮਹਾਵਿਦਿਆਲੇ ਦੇ ਤਕਰੀਬਨ 500 ਦੇ ਲਗਭਗ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਐੱਸਡੀਐੱਮ-ਕਮ-ਪ੍ਰਬੰਧਕ ਕਾਲਾ ਰਾਮ ਕਾਂਸਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਨ੍ਹਾਂ ਦੇ ਇਲਾਵਾ ਪ੍ਰਿੰਸੀਪਲ ਪ੍ਰੋਫੈਸਰ ਸੁਨੀਤਾ ਗੁਪਤਾ, ਡਾ. ਰਾਜਿੰਦਰ ਗੁਪਤਾ, ਪ੍ਰੋਫੈਸਰ ਨੀਰਜ ਸ਼ਰਮਾ, ਡਾ. ਮਨੂ ਸ਼ਰਮਾ, ਡਾ. ਆਲੋਕ ਤੁਲੀ, ਡਾ. ਕੁਲਦੀਪ ਗੁਪਤਾ, ਡਾ. ਮੁਕੇਸ਼ ਮਹਾਜਨ ਵੀ ਸ਼ਾਮਲ ਹੋਏ। ਇਸ ਮੌਕੇ ਮੁੱਖ ਮਹਿਮਾਨ ਨੇ ਜੇਤੂਆਂ ਨੂੰ ਇਨਾਮ ਵੰਡੇ।