ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 18 ਦਸੰਬਰ
ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਨਵੇਂ ਬਣੇ ਪ੍ਰਧਾਨ ਅਸ਼ਵਨੀ ਪੱਪੂ ਅਤੇ ਜ਼ਿਲ੍ਹਾ ਦਿਹਾਤੀ ਕਮੇਟੀ ਦੇ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਨੇ ਅੱਜ ਸ਼ਾਮ ਰਸਮੀ ਤੌਰ ’ਤੇ ਪ੍ਰਧਾਨ ਦਾ ਅਹੁਦਾ ਸਾਂਭ ਲਿਆ ਹੈ। ਇਸ ਸਬੰਧ ਵਿਚ ਕਾਂਗਰਸ ਭਵਨ ਸ਼ਹਿਰੀ ਅਤੇ ਕਾਂਗਰਸ ਭਵਨ ਦਿਹਾਤੀ ਵਿਖੇ ਸਮਾਗਮ ਕਰਵਾਏ ਗਏ।
ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਦੇ ਮੁੜ ਬਣੇ ਪ੍ਰਧਾਨ ਸ੍ਰੀ ਸੱਚਰ ਪਹਿਲਾਂ ਵੀ ਜ਼ਿਲ੍ਹਾ ਦਿਹਾਤੀ ਕਮੇਟੀ ਦੇ ਪ੍ਰਧਾਨ ਸਨ। ਉਨ੍ਹਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਮੁੜ ਪ੍ਰਧਾਨ ਨਿਯੁਕਤ ਕੀਤਾ ਗਿਆ। ਉਹ 2017 ਵਿਚ ਕਾਰਜਕਾਰੀ ਪ੍ਰਧਾਨ ਬਣੇ ਸਨ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਦਿਹਾਤੀ ਕਮੇਟੀ ਦੇ ਪ੍ਰਧਾਨ ਦਾ ਮੁਕੰਮਲ ਕਾਰਜਭਾਰ ਸੌਂਪ ਦਿੱਤਾ ਗਿਆ ਸੀ। ਉਹ ਇਸ ਤੋਂ ਪਹਿਲਾਂ ਜ਼ਿਲਾ ਪ੍ਰੀਸ਼ਦ ਦੇ ਮੀਤ ਚੇਅਰਮੈਨ ਰਹਿ ਚੁੱਕੇ ਹਨ। ਅੱਜ ਅਹੁਦਾ ਸੰਭਾਲ ਸਮਾਗਮ ਸਮੇਂ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸਮੇਤ ਵੱਖ ਵੱਖ ਵਿਧਾਇਕ ਹਾਜ਼ਰ ਸਨ। ਜਿਨਾਂ ਨੇ ਸ੍ਰੀ ਸੱਚਰ ਨੂੰ ਨਵੀਂ ਜ਼ਿੰਮੇਵਾਰੀ ਦੀ ਵਧਾਈ ਦਿੱਤੀ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਸ੍ਰੀ ਬਾਜਵਾ, ਸ੍ਰੀ ਸੱਚਰ, ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਤੇ ਹੋਰਨਾਂ ਨੇ ਆਪਣੇ ਸੰਬੋਧਨ ਦੌਰਾਨ ਆਖਿਆ ਕਿ ਕਾਂਗਰਸ ਦੀ ਨਵੀਂ ਵਜ਼ਾਰਤ ਸੂਬੇ ਦੇ ਲੋਕਾਂ ਦੀਆਂ ਸਾਰੀਆਂ ਇੱਛਾਵਾਂ ਨੂੰ ਪੂਰਾ ਕਰੇਗੀ। ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਵਲੋਂ ਵੱਖ ਵੱਖ ਰਾਹਤਾਂ ਦਾ ਐਲਾਨ ਵੀ ਕੀਤਾ ਜਾ ਚੁੱਕਾ ਹੈ।
ਦੂਜੇ ਪਾਸੇ ਜ਼ਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਨਵੇਂ ਬਣੇ ਪ੍ਰਧਾਨ ਅਸ਼ਵਨੀ ਪੱਪੂ ਦੇ ਅਹੁਦਾ ਸੰਭਾਲ ਸਮਾਗਮ ਸਮੇਂ ਉਪ ਮੁਖ ਮੰਤਰੀ ਸ੍ਰੀ ਓਪੀ ਸੋਨੀ ਸਮੇਤ ਸ਼ਹਿਰ ਦੇ ਵਿਧਾਇਕ ਹਾਜ਼ਰ ਸਨ। ਸ੍ਰੀ ਪੱਪੂ ਇਸ ਤੋਂ ਪਹਿਲਾਂ ਨਗਰ ਨਿਗਮ ਦੇ ਕੌਂਸਲਰ ਰਹਿ ਚੁੱਕੇ ਹਨ। ਸ੍ਰੀ ਸੋਨੀ ਸਮੇਤ ਵਿਧਾਇਕਾਂ ਤੇ ਹੋਰ ਪਤਵੰਤਿਆਂ ਨੇ ਸ੍ਰੀ ਪੱਪੂ ਨੂੰ ਮੁਬਾਰਕਬਾਦ ਦਿੱਤੀ। ਇਸ ਤੋਂ ਪਹਿਲਾਂ ਕਾਂਗਰਸੀ ਆਗੂ ਹਾਲ ਗੇਟ ਤੋਂ ਹਾਲ ਬਾਜ਼ਾਰ ਸਥਿਤ ਕਾਂਗਰਸ ਭਵਨ ਵਿਖੇ ਰੋਡ ਮਾਰਚ ਕਰਦੇ ਹੋਏ ਆਏ। ਦੱਸਣਯੋਗ ਹੈ ਕਿ ਜ਼ਿਲ੍ਹਾ ਦਿਹਾਤੀ ਕਮੇਟੀ ਦੇ ਦਫਤਰ ਵਿਚ ਰੱਖੇ ਸਮਾਗਮ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੁੱਜਣਾ ਸੀ ਪਰ ਉਹ ਆ ਨਹੀਂ ਸਕੇ।