ਪੱਤਰ ਪ੍ਰੇਰਕ
ਅੰਮ੍ਰਿਤਸਰ, 3 ਅਪਰੈਲ
ਖਾਲਸਾ ਕਾਲਜ ਫਾਰ ਵਿਮੈਨ ਵਿੱਚ ਸਾਲਾਨਾ ਡਿਗਰੀ ਵੰਡ ਸਮਾਗਮ ਕਰਵਾਇਆ ਗਿਆ। ਇਸ ਮੌਕੇ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਾਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਔਰਤਾਂ ਦੇ ਪੜ੍ਹੇ ਲਿਖੇ ਹੋਣ ਨਾਲ ਹੀ ਸਮਾਜ ਜਾਗਰੂਕ ਹੋ ਸਕਦਾ ਹੈ, ਕਿਉਂਕਿ ਸਮਾਜ ਅਤੇ ਹਰੇਕ ਇਨਸਾਨ ਦੀ ਤਰੱਕੀ ’ਚ ਔਰਤਾਂ ਦੀ ਭੂਮਿਕਾ ਅਹਿਮ ਹੁੰਦੀ ਹੈ। ਸ੍ਰੀ ਛੀਨਾ ਨੇ ਕਾਨਵੋਕੇਸ਼ਨ ਮੌਕੇ 532 ਵਿਦਿਆਰਥਣਾਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ। ਉਨ੍ਹਾਂ ਕਿਹਾ ਕਿ ਜੇਕਰ ਲੜਕੇ ਨੂੰ ਪੜ੍ਹਾਇਆ ਜਾਂਦਾ ਹੈ ਤਾਂ ਉਹ ਆਪ ਵਿੱਦਿਆ ਹਾਸਲ ਕਰਦਾ ਹੈ, ਪਰ ਜੇਕਰ ਲੜਕੀ ਨੂੰ ਪੜ੍ਹਾਇਆ ਜਾਂਦਾ ਹੈ ਤਾਂ ਪੂਰਾ ਪਰਿਵਾਰ ਹੀ ਨਹੀਂ, ਸਗੋਂ ਸਮਾਜ ਵੀ ਸਿੱਖਿਅਤ ਹੁੰਦਾ ਹੈ। ਕਾਨਵੋਕੇਸ਼ਨ ਦੌਰਾਨ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਦੀਆਂ ਵਿਦਿਆਰਥਣਾਂ ਨੂੰ ਡਿਗਰੀਆਂ ਤਕਸੀਮ ਕੀਤੀਆਂ ਗਈਆਂ।
ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਕਾਲਜ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ। ਕਾਲਜ ਦੇ ਕਾਮਰਸ ਵਿਭਾਗ ਦੀ ਡਾ. ਰੀਤੂ ਧਵਨ ਨੂੰ ‘ਬੈਸਟ ਰਿਸਰਚਸ’ ਦਾ ਸਰਟੀਫ਼ਿਕੇਟ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ।