ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 20 ਨਵੰਬਰ
ਅਟੈਚੀ ਵਿਚ ਪਾਵਨ ਸਰੂਪ ਨੂੰ ਹਵਾਈ ਜਹਾਜ਼ ਰਾਹੀਂ ਅੰਮ੍ਰਿਤਸਰ ਤੋਂ ਪੂਣਾ ਲੈ ਜਾਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਦੋ ਵਿਅਕਤੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲੀਸ ਨੇ ਦੋ ਦਿਨ ਦਾ ਰਿਮਾਂਡ ਪ੍ਰਾਪਤ ਕੀਤਾ ਹੈ। ਇਸ ਦੌਰਾਨ ਅਕਾਲ ਤਖ਼ਤ ਵਲੋਂ ਪਾਵਨ ਸਰੂਪ ਭੇਜਣ ਵਾਲੇ ਬਾਬਾ ਕੁਲਵੰਤ ਸਿੰਘ ਨੂੰ ਅੱਜ ਪੱਤਰ ਭੇਜ ਕੇ ਇਸ ਮਾਮਲੇ ਵਿਚ ਆਪਣਾ ਸਪੱਸ਼ਟੀਕਰਨ ਪੰਜ ਦਿਨਾਂ ਵਿਚ ਦੇਣ ਦੇ ਆਦੇਸ਼ ਦਿੱਤੇ ਹਨ।
ਪੁਲੀਸ ਨੇ ਇਸ ਮਾਮਲੇ ਵਿਚ ਪਿਤਾ-ਪੁੱਤਰ ਜਵਾਲਾ ਸਿੰਘ ਅਤੇ ਜਸਬੀਰ ਸਿੰਘ ਨੂੰ ਸ੍ਰੀ ਗੁਰੂ ਰਾਮਦਾਸ ਜੀ ਅੰਤਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਸੀ ਅਤੇ ਉਨ੍ਹਾਂ ਕੋਲੋਂ ਅਟੈਚੀ ਵਿਚ ਰੱਖਿਆ ਪਾਵਨ ਸਰੂਪ ਬਰਾਮਦ ਕੀਤਾ ਸੀ, ਜਿਸ ਨੂੰ ਉਹ ਹਵਾਈ ਜਹਾਜ ਰਾਹੀਂ ਦਿੱਲੀ ਰਸਤੇ ਪੂਣੇ ਲੈ ਕੇ ਚੱਲੇ ਸਨ। ਪੁਲੀਸ ਨੇ ਇਨ੍ਹਾਂ ਦੋਵਾਂ ਤੋਂ ਇਲਾਵਾ ਸਰੂਪ ਭੇਜਣ ਵਾਲੇ ਬਾਬਾ ਕੁਲਵੰਤ ਸਿੰਘ ਗੁਰਦੁਆਰਾ ਨਾਨਕਸਰ ਸਮਾਧ ਨੂੰ ਵੀ ਨਾਮਜ਼ਦ ਕੀਤਾ ਹੈ।