ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 25 ਦਸੰਬਰ
ਪੰਜਾਬ ਸਾਹਿਤ ਅਕੈਡਮੀ ਚੰਡੀਗੜ੍ਹ ਵੱਲੋਂ ਅਰੰਭੀ ਲੇਖਕਾਂ ਦੇ ਹਫਤਾਵਰੀ ਸਮਾਗਮਾਂ ਦੀ ਲੜੀ ਤਹਿਤ ਅੱਜ ਅਜੋਕੀ ਪੰਜਾਬੀ ਕਹਾਣੀ ਦੀ ਦਸ਼ਾ ਅਤੇ ਦਿਸ਼ਾ ਬਾਰੇ ਗੱਲ ਕਰਨ ਲਈ ਕਥਾਕਾਰ ਸਰਘੀ ਸਰੋਤਿਆਂ ਦੇ ਰੂਬਰੂ ਹੋਈ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿੱਚ ਹੋਏ ਇਸ ਸਾਹਿਤਕ ਸਮਾਗਮ ਵਿੱਚ ਕਨਵੀਨਰ ਦੀਪ ਦੇਵਿੰਦਰ ਸਿੰਘ ਨੇ ਆਏ ਸਾਹਿਤਕਾਰਾਂ ਦਾ ਸਵਾਗਤ ਕੀਤਾ ਅਤੇ ਸ਼ਾਇਰ ਦੇਵ ਦਰਦ ਨੇ ਮੰਚ ਸੰਚਾਲਨ ਕਰਦਿਆਂ ਸਮਾਗਮ ਦੀ ਰੂਪ ਰੇਖਾ ਸਾਂਝੀ ਕੀਤੀ।
ਡਾ. ਸਰਘੀ ਨੇ ਪੰਜਾਬੀ ਕਹਾਣੀ ਬਾਰੇ ਚਰਚਾ ਕਰਦਿਆਂ ਦੱਸਿਆ ਕਿ ਇੱਕੀਵੀਂ ਸਦੀ ਦੀ ਕਹਾਣੀ ਅੱਜ ਦੇ ਸਮਾਜ ਦੀਆਂ ਬਾਰੀਕ ਤੰਦਾਂ ਨੂੰ ਫੜਦੀ ਹੈ। ਡਾ. ਹੀਰਾ ਸਿੰਘ, ਨਿਰਮਲ ਅਰਪਣ, ਜਗਦੀਸ਼ ਸਚਦੇਵਾ, ਗੁਰਬਾਜ ਛੀਨਾ ਅਤੇ ਸ਼ਾਇਰ ਮਲਵਿੰਦਰ ਨੇ ਕਿਹਾ ਕਿ ਅਨੁਭਵ ਵਿੱਚੋਂ ਨਿਕਲੀ ਕਹਾਣੀ ਪਾਠਕਾਂ ’ਤੇ ਵਧੇਰੇ ਅਸਰਦਾਰ ਹੁੰਦੀ ਹੈ। ਮਨਮੋਹਨ ਬਾਸਰਕੇ, ਧਰਵਿੰਦਰ ਔਲਖ, ਡਾ. ਮੋਹਨ ਅਤੇ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਅਜੋਕੀ ਕਹਾਣੀ ਵਿਚ ਕਥਾਕਾਰੀ ਵੱਲ ਲੇਖਕ ਨੂੰ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।