ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 22 ਜੂਨ
ਫੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ, ਹਿੰਦ-ਪਾਕਿ ਦੋਸਤੀ ਮੰਚ ਅਤੇ ਸਾਫ਼ਮਾ ਦੇ ਮੈਂਬਰਾਂ ਦੀ 27ਵਾਂ ਹਿੰਦ ਪਾਕਿ ਮੇਲਾ ਮਨਾਉਣ ਸਬੰਧੀ ਇਕ ਸਾਂਝੀ ਮੀਟਿੰਗ ਵਿਰਸਾ ਵਿਹਾਰ ਕੇਂਦਰ ਵਿੱਚ ਹੋਈ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਹਿੰਦ-ਪਾਕਿ ਦੋਸਤੀ ਮੇਲਾ 14 ਅਗਸਤ ਨੂੰ ਕਰਵਾਇਆ ਜਾਵੇਗਾ। ਮੀਟਿੰਗ ਵਿੱਚ ਹਿੰਦ-ਪਾਕਿ ਦੋਸਤੀ ਮੰਚ ਦੇ ਆਗੂ ਸਤਨਾਮ ਸਿੰਘ ਮਾਣਕ ਨੇ ਮੇਲੇ ਦੀ ਰੂਪ ਰੇਖਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ 14 ਅਗਸਤ ਨੂੰ ਮੇਲੇ ਦਾ ਆਗਾਜ਼ ਪੰਜਾਬ ਨਾਟਸ਼ਾਲਾ ਵਿੱਚ ਇਕ ਵਿਸ਼ੇਸ਼ ਸੈਮੀਨਾਰ ਨਾਲ ਹੋਵੇਗਾ, ਜਿਸ ਵਿੱਚ ਦੋਵਾਂ ਦੇਸ਼ਾਂ ਦੇ ਪ੍ਰਮੁੱਖ ਬੁੱਧੀਜੀਵੀ ਭਾਗ ਲੈਣਗੇ। ਉਸੇ ਦਿਨ ਸ਼ਾਮ ਨੂੰ ਨਾਟਸ਼ਾਲਾ ਵਿੱਚ ਹੀ ਸੰਗੀਤਮਈ ਪ੍ਰੋਗਰਾਮ ਕਰਵਾਇਆ ਜਾਵੇਗਾ। ਹਰ ਸਾਲ ਦੀ ਤਰ੍ਹਾਂ ਦੇਰ ਰਾਤ ਅਟਾਰੀ-ਵਾਹਗਾ ਸਰਹੱਦ ’ਤੇ ਮੋਮਬੱਤੀਆਂ ਜਗਾ ਕੇ ਦੋਵਾਂ ਮੁਲਕਾਂ ’ਚ ਅਮਨ ਤੇ ਸ਼ਾਂਤੀ ਅਤੇ ਆਪਸੀ ਭਾਈਚਾਰਕ ਸਾਂਝ ਕਾਇਮ ਰੱਖਣ ਦਾ ਸੁਨੇਹਾ ਦਿੱਤਾ ਜਾਵੇਗਾ। ਮੀਟਿੰਗ ਵਿੱਚ ਸਾਫ਼ਮਾ ਵੱਲੋਂ ਜਸਵੰਤ ਸਿੰਘ ਜੱਸ, ਰਾਜਿੰਦਰ ਸਿੰਘ ਰੂਬੀ ਅਤੇ ਸੁਰਜੀਤ ਸਿੰਘ, ਫੋਕਲੋਰ ਰਿਸਰਚ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ, ਜਨਰਲ ਸਕੱਤਰ ਸਤੀਸ਼ ਝੀਂਗਣ, ਕਮਲ ਗਿੱਲ, ਕਰਮਜੀਤ ਕੌਰ ਜੱਸਲ ਤੇ ਜਸਵਿੰਦਰ ਕੌਰ ਜੱਸੀ ਆਦਿ ਹਾਜ਼ਰ ਸਨ।