ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 14 ਦਸੰਬਰ
ਪੰਜਾਬੀ ਸਾਹਿਤ ਸੰਗਮ ਵੱਲੋਂ ਕਰਵਾਏ ਜਾਂਦੇ ਪੁਸਤਕਾਂ ਸੰਗ ਸੰਵਾਦ ਸਮਾਗਮਾਂ ਦੀ ਲੜੀ ਤਹਿਤ ਕਾਮਰੇਡ ਸੋਹਣ ਸਿੰਘ ਜੋਸ਼ ਜ਼ਿਲ੍ਹਾ ਲਾਇਬ੍ਰੇਰੀ ਵਿਚ ਕਿਸਾਨੀ ਸੰਘਰਸ਼ ਦੀ ਜਿੱਤ ’ਤੇ ਵਿਚਾਰ ਚਰਚਾ ਕਰਵਾਈ ਗਈ। ਸਮਾਗਮ ਨੂੰ ਸ਼ਾਇਰ ਮਲਵਿੰਦਰ ਨੇ ਲੜੀਬੰਦ ਕੀਤਾ ਅਤੇ ਲਾਇਬ੍ਰਰੀਅਨ ਡਾ. ਪ੍ਰਭਜੋਤ ਕੌਰ ਸੰਧੂ ਨੇ ਸਵਾਗਤੀ ਸ਼ਬਦ ਕਹੇ। ਹਾਜ਼ਰ ਸਾਹਿਤਕਾਰਾਂ ਵਲੋਂ ਕਿਸਾਨੀ ਸੰਘਰਸ਼ ਦੌਰਾਨ ਸਾਢੇ ਸੱਤ ਸੌ ਤੋਂ ਵੱਧ ਸ਼ਹੀਦ ਹੋਏ ਕਿਸਾਨਾਂ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਅਕੀਦਤ ਦੇ ਫੁੱਲ ਭੇਟ ਕੀਤੇ ਗਏ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਦੀਪ ਦੇਵਿੰਦਰ ਸਿੰਘ ਨੇ ਕਿਹਾ ਕਿ ਇਕੀਵੀਂ ਸਦੀ ਦੇ ਇਸ ਕਿਸਾਨੀ ਘੋਲ, ਜਿਸ ਨੂੰ ਬਿਨਾਂ ਕਿਸੇ ਖੂਨ-ਖਰਾਬੇ ਦੇ ਜਿੱਤਿਆ ਗਿਆ, ਨੇ ਦੁਨੀਆਂ ਭਰ ਦੇ ਲੋਕਾਂ ਦਾ ਧਿਆਨ ਖਿੱਚਿਆ ਹੈ। ਉਨ੍ਹਾਂ ਕਿਹਾ ਕਿ ਅੰਦੋਲਨ ਦੀ ਅਗਵਾਈ ਬੇਸ਼ੱਕ ਪੰਜਾਬੀਆਂ ਵਲੋਂ ਕੀਤੀ ਗਈ ਪਰ ਜਿੱਤ ਪੂਰੇ ਭਾਰਤ ਦੇ ਲੋਕਾਂ ਦੀ ਹੋਈ ਹੈ। ਡਾ. ਇਕਬਾਲ ਕੌਰ ਸੌਂਧ ਅਤੇ ਨਿਰਮਲ ਅਰਪਣ ਨੇ ਕਿਹਾ ਕਿ ਸੰਘਰਸ਼ ਵਿਚ ਔਰਤਾਂ ਦੇ ਪਾਏ ਯੋਗਦਾਨ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਸਰਬਜੀਤ ਸਿੰਘ ਸੰਧੂ, ਡਾ. ਮੋਹਨ, ਸੁਰਿੰਦਰ ਚੋਹਕਾ, ਜਗਤਾਰ ਗਿੱਲ, ਹਰਜੀਤ ਸਿੰਘ ਸੰਧੂ ਮਨਮੋਹਨ ਬਾਸਰਕੇ, ਡਾ. ਭੁਪਿੰਦਰ ਸਿੰਘ, ਰਾਜਵੰਤ ਬਾਜਵਾ, ਜਸਵੰਤ ਧਾਪ, ਸਤਿੰਦਰ ਓਠੀ, ਬਲਜਿੰਦਰ ਮਾਂਗਟ, ਅਜੀਤ ਸਿੰਘ ਨਬੀਪੁਰੀ, ਰਾਜਵਿੰਦਰ ਰਾਜ, ਸੁਖਵੰਤ ਚੇਤਨਪੁਰੀ ਅਤੇ ਬਿਕਰਮਜੀਤ ਸਿੰਘ ਨੇ ਵੀ ਵਿਚਾਰ ਚਰਚਾ ਵਿੱਚ ਹਿੱਸਾ ਲਿਆ।
ਕੁਲਦੀਪ ਸਿੰਘ ਬੇਦੀ ਦਾ ਨਾਵਲ ‘ਧਨ ਪਿਰੁ’ ਰਿਲੀਜ਼
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਅਦਬੀ ਲੋਕ ਸੰਸਥਾ ਵੱਲੋਂ ਪੱਤਰਕਾਰ ਤੇ ਨਾਵਲਕਾਰ ਕੁਲਦੀਪ ਸਿੰਘ ਬੇਦੀ ਦਾ ਨਵਾਂ ਨਾਵਲ ‘ਧਨ ਪਿਰੁ’ ਇਥੇ ਵਿਰਸਾ ਵਿਹਾਰ ਵਿੱਚ ਚੋਣਵੀਆਂ ਸ਼ਖ਼ਸੀਅਤਾਂ ਵੱਲੋਂ ਜਾਰੀ ਕੀਤਾ ਗਿਆ। ਸਭ ਤੋਂ ਪਹਿਲਾਂ ਲੇਖਕ ਨੇ ਆਪਣੇ ਨਾਵਲ ਦਾ ਇਕ ਮਹੱਤਵਪੂਰਨ ਕਾਂਡ ਸਭ ਨਾਲ ਸਾਂਝਾ ਕੀਤਾ। ਇਸ ਕਾਂਡ ਨੂੰ ਸੁਣਨ ਮਗਰੋਂ ਨਾਵਲਕਾਰ ਦੇਸ ਰਾਜ ਕਾਲੀ ਨੇ ਕਿਹਾ ਕਿ ਨਾਵਲ ਦਾ ਇਹ ਕਾਂਡ ਸੁਣਨ ਉਪਰੰਤ ਜਾਪਦਾ ਹੈ ਕਿ ਇਹ ਨਾਵਲ ਜਾਤੀਵਾਦ ਦੇ ਮਸਲੇ ’ਤੇ ਲਿਖਿਆ ਗਿਆ ਹੈ। ਡਾ. ਰਾਮ ਮੂਰਤੀ ਨੇ ਕਿਹਾ ਕਿ ਕੁਲਦੀਪ ਸਿੰਘ ਬੇਦੀ ਹਰ ਨਾਵਲ ਇਕ ਵੱਖਰੇ ਵਿਸ਼ੇ ’ਤੇ ਲੈ ਕੇ ਆਉਂਦਾ ਹੈ। ਮੱਖਣ ਮਾਨ ਨੇ ਕਿਹਾ ਕਿ ਬੇਦੀ ਵੱਲੋਂ ਪੜ੍ਹਿਆ ਗਿਆ ਨਾਵਲ ਦਾ ਕਾਂਡ, ਨਾਵਲ ਨੂੰ ਪੜ੍ਹਨ ਦੀ ਉਤਸੁਕਤਾ ਪੈਦਾ ਕਰਦਾ ਹੈ। ਇਸ ਮੌਕੇ ਜੋਗਿੰਦਰ ਸਿੰਘ ਸੰਧੂ, ਮਨਿੰਦਰ ਸਿੰਘ, ਕਰਮਜੀਤ ਸਿੰਘ, ਨਰਿੰਦਰ ਸੱਤੀ, ਮੁਖਵਿੰਦਰ ਸੰਧੂ ਅਤੇ ਹੋਰ ਹਾਜ਼ਰ ਸਨ।