ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 4 ਦਸੰਬਰ
ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਸ੍ਰੀ ਗੁਰਿੰਦਰਪਾਲ ਸਿੰਘ ਜੋਸਨ ਵੱਲੋਂ ਲਿਖੀ ਪੁਸਤਕ ‘ਰਬਾਬੀ ਭਾਈ ਮਰਦਾਨਾ ਤੇ ਪੁਰਾਤਨ ਕੀਰਤਨੀਏ’ ਸਬੰਧੀ ਵਿਚਾਰ ਵਟਾਂਦਰਾ ਅਸ਼ੋਕਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਕੀਤਾ ਗਿਆ। ਮੰਚ ਦੇ ਸਰਪ੍ਰਸਤ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ ਨੇ ਭਾਈ ਮਰਦਾਨਾ ਦੇ ਸੰਗੀਤਕ ਅਤੇ ਅਧਿਆਤਮਕ ਗਿਆਨ ਅਤੇ ਜੀਵਨ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਕਿਹਾ ਕਿ ਪਹਿਲਾਂ ਮੁਗਲਾਂ ਨੇ ਅਤੇ ਫਿਰ ਫਿਰੰਗੀ ਸਾਮਰਾਜੀ ਹਕੂਮਤ ਨੇ ਪੁਰਾਤਨ ਸਿੱਖ ਇਤਿਹਾਸ ਅਤੇ ਸਾਹਿਤ ਦੇ ਅਣਮੁੱਲੇ ਖ਼ਜ਼ਾਨੇ ਦੇ ਕਾਫੀ ਵੱਡੇ ਹਿੱਸੇ ਨੂੰ ਸਾੜ ਕੇ ਦੁਸ਼ ਕਰਮ ਕੀਤਾ ਸੀ। ਹੁਣ ਲੋੜ ਹੈ ਕਿ ਸਿੱਖ ਇਤਿਹਾਸਕਾਰਾਂ ਅਤੇ ਵਿਦਵਾਨਾਂ ਪਾਸੋਂ ਖੋਜ ਕਾਰਜ ਕਰਵਾ ਕੇ, ਨਿਰਖ ਪਰਖ ਕਰਕੇ ਗਵਾਚੇ ਸਿੱਖ ਇਤਿਹਾਸ ਦੀ ਪੁਨਰ- ਰਚਨਾ ਜ਼ਿੰਮੇਵਾਰ ਸਿੱਖ ਸੰਸਥਾ ਵਲੋਂ ਕਰਵਾਈ ਜਾਵੇ। ਆਪਣੀ ਪੁਸਤਕ ਦੀ ਰਚਨਾ ਲਈ ਕੀਤੇ ਖੋਜ ਕਾਰਜਾਂ ਅਤੇ ਦੇਸ਼ ਵਿਦੇਸ਼ ਦੇ ਸਫ਼ਰ ਬਾਰੇ ਸ੍ਰੀ ਜੋਸਨ ਨੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸ੍ਰੀ ਜੋਸਨ ਰਬਾਬੀ ਭਾਈ ਮਰਦਾਨਾ ਜੀ ਫਾਊਂਡੇਸ਼ਨ ਦੇ ਚੇਅਰਮੈਨ ਹੋਣ ਦੇ ਨਾਲ-ਨਾਲ ਸਾਰਾਗੜ੍ਹੀ ਫਾਊਂਡੇਸ਼ਨ ਦੇ ਚੇਅਰਮੈਨ ਵੀ ਹਨ। ਉਨ੍ਹਾਂ ਦੇ ਯਤਨਾਂ ਸਦਕਾ ਭਾਈ ਮਰਦਾਨਾ ਜੀ ਦੇ ਉੱਨੀਵੀਂ ਪੀੜ੍ਹੀ ਦੇ ਅੰਸ਼-ਵੰਸ਼ ਭਾਈ ਮੁਹੰਮਦ ਹੁਸੈਨ, ਭਾਈ ਸਰਫ਼ਰਾਜ਼, ਭਾਈ ਨਈਅਮ ਲਾਲ ਅਤੇ ਮੁਹੰਮਦ ਅਹਿਮਦ ਦੀ ਆਰਥਿਕ ਸਥਿਤੀ ਨੂੰ ਸੁਧਾਰਨ ਲਈ ਵਿਸ਼ੇਸ਼ ਕਾਰਜ ਕੀਤੇ ਹਨ।