ਪੱਤਰ ਪ੍ਰੇਰਕ
ਅੰਮ੍ਰਿਤਸਰ, 12 ਮਾਰਚ
ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲੇ ਦੇ 8ਵੇਂ ਦਿਨ ਇਤਿਹਾਸਕਾਰ ਡਾ. ਸੁਮੇਲ ਸਿੰਘ ਸਿੱਧੂ ਨੇ ‘ਪੰਜਾਬੀ ਨਜ਼ਰੀਏ ਦੀ ਬੁਨਿਆਦ ਤੇ ਵੰਗਾਰਾਂ’ ਵਿਸ਼ੇ ’ਤੇ ਬੋਲਦਿਆਂ ਕਿਹਾ ਕਿ ਅੱਜ ਹਰ ਪੰਜਾਬੀ ਆਪਣੇ ਭਵਿੱਖ ਤੋਂ ਡਰਿਆ ਹੋਇਆ ਹੈ, ਇਸ ਕਰ ਕੇ ਉਸ ਦਾ ਪੰਜਾਬ ਨਾਲ ਮੋਹ ਟੁੱਟ ਗਿਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬੀ ਵਿਦਵਾਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਜਿਹੜੀ ਗੱਲ ਕਰਦੇ ਹਨ, ਉਹ ਕਿਨ੍ਹਾਂ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ। ਪਹਿਲੇ ਸੈਸ਼ਨ ਏਜੰਡਾ ਪੰਜਾਬ : ਚੰਗੇ ਭਵਿੱਖ ਦੀ ਤਲਾਸ਼ ਦੀ ਸ਼ੁਰੂਆਤ ਕਰਦਿਆਂ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਅੱਜ ਨਾਨਕ ਸਿੰਘ ਤੇ ਜਸਵੰਤ ਸਿੰਘ ਵਰਗੇ ਲੇਖਕਾਂ ਦੀਆਂ ਲਿਖਤਾਂ ਲੋਕਾਂ ਦੇ ਚੇਤਿਆਂ ਵਿਚ ਵੱਸੀਆਂ ਹੋਈਆਂ ਹਨ ਕਿਉਂਕਿ ਉਨ੍ਹਾਂ ਵਿਚ ਸਥਾਨਕਤਾ ਮੌਜੂਦ ਸੀ। ਡਾ. ਜਗਰੂਪ ਸਿੰਘ ਸੇਖੋਂ ਨੇ ਕਿਹਾ ਕਿ ਜਦੋਂ ਤਕ ਸਾਨੂੰ ਪੰਜਾਬ ਦੀ ਸਮੱਸਿਆ ਬਾਰੇ ਸਹੀ ਜਾਣਕਾਰੀ ਨਹੀਂ ਉਦੋਂ ਤਕ ਇਸ ਦਾ ਹੱਲ ਨਹੀਂ ਕੀਤਾ ਜਾ ਸਕਦਾ। ਪ੍ਰੋਗਰਾਮਾਂ ਦੀ ਲੜੀ ਵਿਚ ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਸਹਿਯੋਗ ਨਾਲ ਨਾਮਵਰ ਕੱਵਾਲਾਂ ਦੀਆਂ ਕੱਵਾਲੀਆਂ ਦਾ ਸੰਗੀਤਮਈ ਰੰਗ ਪੇਸ਼ ਕੀਤਾ ਗਿਆ। ਕਾਲਜ ਦੇ ਸੰਗੀਤ ਤੇ ਸਭਿਆਚਾਰ ਵਿਭਾਗ ਵੱਲੋਂ ਆਧੁਨਿਕ ਸੂਫੀ ਗਾਇਕੀ ਦੇ ਰੰਗਾਂ ਦੀ ਪੇਸ਼ਕਾਰੀ ਕੀਤੀ ਗਈ।