ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 18 ਜੂਨ
ਇਥੇ ਖਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਵੱਲੋਂ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨੂੰ ਬਚਾਉਣ ਲਈ ਝੋਨੇ ਦੀ ਸਿੱਧੀ ਬਿਜਾਈ ਦੀ ਨਵੀਂ ਤਕਨੀਕ ਦਾ ਅਰੰਭ ਕੀਤਾ ਗਿਆ ਹੈ। ਇਸ ਸਬੰਧ ਵਿੱਚ ਪੰਜਾਬ ਖੇਤੀਬਾੜੀ ਵਿਭਾਗ ਦਾ ਸਹਿਯੋਗ ਲਿਆ ਹੈ। ਵਿਭਾਗ ਦੀ ਟੀਮ ਵਲੋਂ ਕਾਲਜ ਫ਼ਾਰਮ ’ਤੇ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਦੀ ਸਿਖਲਾਈ ਦਿੱਤੀ ਗਈ। ਇਸ ਮੌਕੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਜੁਆਇੰਟ ਸਕੱਤਰ ਰਾਜਬੀਰ ਸਿੰਘ (ਫ਼ਾਰਮ ਸਕੱਤਰ) ਨੇ ਕਿਹਾ ਕਿ ਵਧੇਰੇ ਟਿਊਬਵੈੱਲਾਂ ਰਾਹੀਂ ਧਰਤੀ ਹੇਠਲਾ ਪਾਣੀ ਨਿਰੰਤਰ ਬਾਹਰ ਕੱਢੇ ਜਾਣ ਕਾਰਨ ਪੰਜਾਬ ਦਾ 81 ਫੀਸਦ ਹਿੱਸਾ ਡਾਰਕ ਜ਼ੋਨ (ਜਿੱਥੇ ਪਾਣੀ ਤੇਜ਼ਾ ਨਾਲ ਥੱਲੇ ਗਿਆ) ’ਚ ਆ ਗਿਆ ਹੈ। ਉਨ੍ਹਾ ਆਖਿਆ ਕਿ ਡੀਐੱਸਆਰ ਰਾਹੀਂ ਝੋਨੇ ਦਾ ਬੀਜ ਡਰਿੱਲ ਰਾਹੀਂ ਸਿੱਧਾ ਵੱਤਰ ਕੀਤੇ ਖੇਤ ਵਿੱਚ ਸੁਟਿਆ ਜਾਂਦਾ ਹੈ। ਇਸ ਲਈ ਖੇਤ ’ਚ ਕੱਦੂ ਕਰਨ ਦੀ ਲੋੜ ਨਹੀਂ ਪੈਂਦੀ ਅਤੇ ਨਾ ਹੀ ਪਾਣੀ ਖੜ੍ਹਾ ਕਰਨਾ ਪੈਂਦਾ ਹੈ। ਇਸ ਤਰ੍ਹਾਂ ਪਾਣੀ ਦੀ ਬਹੁਤ ਬੱਚਤ ਹੋ ਜਾਂਦੀ ਹੈ।
ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਖੇਤੀਬਾੜੀ ਦੇ ਨਾਲ-ਨਾਲ ਪੰਜਾਬ ਦੇ ਪਾਣੀ ਨੂੰ ਬਚਾਉਣਾ ਵੀ ਜ਼ਰੂਰੀ ਹੈ। ਇਸ ਮੌਕੇ ਜ਼ਿਲ੍ਹਾ ਖੇਤੀਬਾੜੀ ਅਧਿਕਾਰੀ ਗੁਰਦਿਆਲ ਸਿੰਘ ਬੱਲ, ਡਾ. ਰਣਬੀਰ ਸਿੰਘ ਰੰਧਾਵਾ ਅਤੇ ਮਸਤਿੰਦਰ ਸਿੰਘ ਹਾਜ਼ਰ ਸਨ।
ਖੇਤੀ ਮਹਿਕਮੇ ਵੱਲੋਂ ਵੀ ਵਿਸ਼ੇਸ਼ ਮੁਹਿੰਮ
ਗੁਰਦਾਸਪੁਰ(ਜਤਿੰਦਰ ਬੈਂਸ): ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਦੀ ਉਦੇਸ਼ ਨਾਲ ਜ਼ਿਲ੍ਹਾ ਗੁਰਦਾਸਪੁਰ ਅੰਦਰ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਲਿਹਾਜ਼ਾ ਖੇਤੀ ਮਹਿਕਮੇ ਦੇ ਮਾਹਿਰਾਂ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦੇਣ ਲਈ ਵੱਖ-ਵੱਖ ਥਾਈਂ ਦੌਰਾ ਕਰਕੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਤਹਿਤ ਖੇਤੀਬਾੜੀ ਬਲਾਕ ਅਫ਼ਸਰ ਡਾ.ਅਮਰੀਕ ਸਿੰਘ ਨੇ ਗੁਰਦਾਸਪੁਰ ਦੇ ਸਰਹੱਦੀ ਪਿੰਡ ਅੱਲੜਪਿੰਡੀ ਅਤੇ ਇਲਾਕੇ ਅੰਦਰ ਕਿਸਾਨਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੇ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਸੰਦੇਹ ਦੂਰ ਕੀਤੇ। ਇਸ ਮੌਕੇ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਬਾਰੇ ਵੀ ਚਾਨਣਾ ਪਾਇਆ