ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 22 ਜੂਨ
ਆਪਣੀਆਂ ਮੰਗਾਂ ਨੂੰ ਲੈ ਕੇ ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ ਜਥੇਬੰਦੀ ਵਲੋਂ ਅੱਜ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਦਫਤਰ ਬਾਹਰ ਧਰਨਾ ਦਿਤਾ ਗਿਆ। ਇਸ ਮੌਕੇ ਕਰਮਚਾਰੀਆਂ ਨੇ ਸਮੂਹਿਕ ਛੁੱਟੀ ਲੈ ਕੇ ਤਿੰਨ ਘੰਟੇ ਰੋਸ ਧਰਨਾ ਦਿੱਤਾ।
ਇਸ ਧਰਨੇ ਦੀ ਅਗਵਾਈ ਜ਼ਿਲ੍ਹਾ ਕੌਂਸਲ ਦੇ ਪ੍ਰਧਾਨ ਅਸ਼ਵਨੀ ਕੁਮਾਰ ਅਤੇ ਰੋਹਿਤ ਮਹਿਰਾ ਨੇ ਕੀਤੀ। ਉਨ੍ਹਾਂ ਦੱਸਿਆ ਕਿ ਇਸ ਰੋਸ ਵਿਖਾਵੇ ਵਿੱਚ ਪੀਡਬਲਿਯੂਡੀ, ਸਿੰਜਾਈ ਵਿਭਾਗ, ਪੰਚਾਇਤੀ ਵਿਭਾਗ, ਸੀਵਰੇਜ ਬੋਰਡ, ਪੁੱਡਾ, ਟਿਉਬਵੈਲ ਕਾਰਪੋਰੇਸ਼ਨ ਹੇਠ ਕੰਮ ਕਰਦੇ ਜੂਨੀਅਰ ਤੇ ਸਹਾਇਕ ਇੰਜੀਨੀਅਰਾਂ ਨੇ ਪੇ ਕਮਿਸ਼ਨ ਦੀ ਜਾਰੀ ਰਿਪੋਰਟ ਦੀ ਸਖਤ ਨੁਕਤਾਚੀਨੀ ਕੀਤੀ। ਉਨ੍ਹਾਂ ਚਿਤਾਵਨੀ ਦਿਤੀ ਕਿ ਜੇਕਰ ਉਨਾਂ ਦੀ ਕੋਈ ਸੁਣਵਾਈ ਨਾ ਕੀਤੀ ਤਾਂ ਉਹ ਸਾਰੇ ਚੱਲ ਰਹੇ ਵਿਕਾਸ ਕਾਰਜਾਂ ਦਾ ਬਾਈਕਾਟ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸੰਘਰਸ਼ ਨੂੰ ਹੋਰ ਤਿੱਖਾ ਕਰਨ ਵਾਸਤੇ ਸਮੂਹ ਜਥੇਬੰਦੀਆਂ ਦੀ ਇਕ ਸਾਂਝੀ ਮੀਟਿੰਗ 25 ਜੂਨ ਨੂੰ ਲੁਧਿਆਣਾ ਵਿਖੇ ਸੱਦੀ ਗਈ ਹੈ। ਇਸ ਮੌਕੇ ਜਥੇਬੰਦੀ ਦੇ ਆਗੂ ਰਸ਼ਪਾਲ ਸਿੰਘ, ਸ਼ਮਿੰਦਰ ਸਿੰਘ, ਜਸਪਾਲ ਸਿੰਘ, ਕੁਲਵੰਤ ਸਿੰਘ, ਤੀਰਥ ਸਿੰਘ ਸਰਲੀ, ਜਤਿਨ ਸ਼ਰਮਾ, ਸੁਲੱਖਣ ਸਿੰਘ, ਜਗਵੰਤ ਸਿੰਘ ਤੇ ਹੋਰ ਸ਼ਾਮਲ ਸਨ। ਪੰਜਾਬ ਦੇ ਖੇਤੀ ਟੈਕਨੋਕਰੇਟਸ ਨੇ 6 ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਮੂਲੋ ਰੱਦ ਕਰਨ ਦਾ ਐਲਾਨ ਕੀਤਾ ।
ਪਲਾਂਟ ਡਾਕਟਰਜ਼ ਸਰਿਵਸਜ਼ ਐਸੋਸੀਏਸ਼ਨ ਦੇ ਪ੍ਰਧਾਨ ਸੁਖਬੀਰ ਸਿੰਘ ਸੰਧੂ ਨੇ ਇਕ ਬਿਆਨ ਵਿਚ ਆਖਿਆ ਕਿ ਖੇਤੀ ਟੈਕਨੋਕਰੇਟਸ ਨੇ ਪਿਛਲੇ ਕਈ ਦਹਾਕਿਆਂ ਦੀ ਮੇਹਨਤ ਨਾਲ ਅੰਨ ਪੱਖੋਂ ਪੰਜਾਬ ਨੂੰ ਹੀ ਨਹੀਂ ਸਮੁੱਚੇ ਭਾਰਤ ਨੂੰ ਆਤਮ- ਨਿਰਭਰ ਬਣਾਇਆ ਹੈ ।ਉਨਾਂ ਕਿਹਾ ਕਿ ਵੱਧਦੀ ਮਹਿੰਗਾਈ ਲੋਕਾਂ ਦਾ ਲੱਕ ਤੋੜ ਰਹੀ ਹੈ ਪਰ ਇਸ ਸਮੇਂ ਮਕਾਨ ਕਿਰਾਇਆ ਭੱਤਾ ਘਟ ਕਰ ਦਿਤਾ ਗਿਆ ਜੋ ਕਿ ਸਮਝੋਂ ਪਰੇ ਹੈ । ਮੈਡੀਕਲ ਭੱਤੇ ਵਿੱਚ ਵੀ ਕੋਈ ਵਾਧਾ ਨਹੀ ਕੀਤਾ ਗਿਆ ।ਉਨਾਂ ਕਿਹਾ ਕਿ ਪਲਾਂਟ ਡਾਕਟਰਜ਼ ਸਰਵਿਸਜ਼ ਐਸੋਸੀਏਸ਼ਨ ਛੇਵੇਂ ਤਨਖਾਹ ਕਮਿਸ਼ਨ ਦੀ ਇਸ ਰਿਪੋਰਟ ਨੂੰ ਮੂਲੋਂ ਰੱਦ ਕਰਦੀ ਹੈ ।
ਡਿਪਲੋਮਾ ਇੰਜਨੀਅਰਾਂ ਵੱਲੋਂ ਡੀਸੀ ਦਫਤਰ ਅੱਗੇ ਮੁਜ਼ਾਹਰਾ
ਪਠਾਨਕੋਟ(ਐਨ.ਪੀ.ਧਵਨ): ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਲੈ ਕੇ ਕਨਵੀਨਰ ਨਰੇਸ਼ ਕੁਮਾਰ ਸ਼ਰਮਾ ਅਤੇ ਰਾਜ ਕੁਮਾਰ ਦੀ ਅਗਵਾਈ ਵਿੱਚ ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ ਨੇ ਡੀਸੀ ਦਫਤਰ ਮੂਹਰੇ ਪੰਜਾਬ ਸਰਕਾਰ ਖਿਲਾਫ ਧਰਨਾ ਦਿੱਤਾ ਅਤੇ ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਐੱਨਡੀ ਸ਼ਰਮਾ, ਉੱਤਮ ਚੰਦ, ਦਸ਼ਰਥ ਜਾਖੜ, ਸੂਰਜ ਕੁਮਾਰ, ਅਸ਼ੋਕ ਵਰਮਾ, ਸਾਹਿਲ, ਸੁਰਿੰਦਰ ਸੈਣੀ ਆਦਿ ਸ਼ਾਮਲ ਹੋਏ। ਸਮੂਹ ਬੁਲਾਰਿਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਾਰੀ ਤਨਖਾਹ ਕਮਿਸ਼ਨ ਦੀ ਰਿਪੋਰਟ ਤਹਿਤ ਇਸ ਵਾਰ ਜੂਨੀਅਰ ਇੰਜੀਨੀਅਰਾਂ ਨੂੰ ਜੋ ਤਨਖਾਹ ਸਕੇਲ ਦਿੱਤੇ ਗਏ ਹਨ, ਉਹ ਬਹੁਤ ਘੱਟ ਹਨ। ਅਜਿਹਾ ਕਰਕੇ ਪੰਜਾਬ ਸਰਕਾਰ ਨੇ ਜੂਨੀਅਰ ਇੰਜੀਨੀਅਰਾਂ ਦੇ ਨਾਲ ਅਨਿਆਂ ਕੀਤਾ ਹੈ।