ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 5 ਸਤੰਬਰ
ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਜਥੇਬੰਦੀਆਂ ਵੱਲੋਂ ਲੰਪੀ ਸਕਿਨ ਬਿਮਾਰੀ ਕਾਰਨ ਗਊਆਂ ਦੀਆਂ ਹੋਈਆਂ ਵੱਡੇ ਪੱਧਰ ’ਤੇ ਮੌਤਾਂ ਅਤੇ ਬਿਮਾਰ ਪਸ਼ੂਆਂ ਦੀ ਤਰਸਯੋਗ ਹਾਲਤ ਕਾਰਨ ਕਿਸਾਨਾਂ, ਮਜ਼ਦੂਰਾਂ ਤੇ ਪਸ਼ੂ ਪਾਲਕਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਲੈਣ, ਦੁੱਧ ਦਾ ਰੇਟ 10 ਰੁਪਏ ਪ੍ਰਤੀ ਫੈਟ ਯੂਨਿਟ ਦੇਣ, ਗੰਨੇ ਦਾ ਬਕਾਇਆ ਜਾਰੀ ਕਰਨ ਤੇ ਫਸਲਾਂ ਦੇ ਖ਼ਰਾਬੇ ਦਾ ਮੁਆਵਜ਼ਾ ਦਿਵਾਉਣ ਲਈ ਅੱਜ ਸਥਾਨਕ ਸਰਕਾਰਾਂ ਬਾਰੇ ਮੰਤਰੀ ਇੰਦਰਬੀਰ ਸਿੰਘ ਨਿੱਝਰ ਦੇ ਘਰ ਦੇ ਨੇੜੇ ਸੈਂਕੜੇ ਕਿਸਾਨਾਂ ਨੇ ਧਰਨਾ ਲਾ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।
ਇਸ ਰੋਸ ਪ੍ਰਦਰਸ਼ਲ ਵੇਲੇ ਕਿਸਾਨ ਆਗੂਆਂ ਰਤਨ ਸਿੰਘ ਰੰਧਾਵਾ, ਜਤਿੰਦਰ ਸਿੰਘ ਛੀਨਾ, ਬਾਬਾ ਸੁੱਚਾ ਸਿੰਘ ਤੇੜਾ, ਮਨਜੀਤ ਸਿੰਘ ਬਾਸਰਕੇ ਤੇ ਸ਼ਮਸ਼ੇਰ ਸਿੰਘ ਹੇਰ ਨੇ ਕਿਹਾ ਕਿ ਲੰਪੀ ਸਕਿਨ ਬਿਮਾਰੀ ਨੇ ਪਸ਼ੂ ਧਨ ਦੀ ਵੱਡੀ ਬਰਬਾਦੀ ਕੀਤੀ ਹੈ ਜਿਸ ਕਾਰਨ ਉਨ੍ਹਾਂ ਦਾ ਕਾਫ਼ੀ ਮਾਲੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਛੋਟੇ ਕਿਸਾਨਾਂ ਦੀ ਆਰਥਿਕਤਾ ਦੁੱਧ ਵੇਚਣ ਨਾਲ ਚੱਲਦੀ ਹੈ ਅਤੇ ਉਨ੍ਹਾਂ ਦਾ ਸੌ ਫ਼ੀਸਦੀ ਨੁਕਸਾਨ ਹੋ ਗਿਆ ਹੈ। ਇਸ ਬਿਮਾਰੀ ਕਾਰਨ ਪੰਜਾਬ ਦੇ ਹਜ਼ਾਰਾਂ ਛੋਟੇ ਕਿਸਾਨ ਪਰਿਵਾਰਾਂ ਦੀ ਰੋਜ਼ੀ ਰੋਟੀ ਦਾ ਸਾਧਨ ਹੀ ਖਤਮ ਹੋ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਮਰੇ ਤੇ ਬਿਮਾਰ ਹੋਏ ਪਸ਼ੂਆਂ ਬਾਰੇ ਸਰਵੇ ਕਰਵਾਏ। ਮਰੇ ਪਸ਼ੂ ਦਾ ਇੱਕ ਲੱਖ ਰੁਪਏ ਤੇ ਬਿਮਾਰ ਪਸ਼ੂ ਦਾ ਪੰਜਾਹ ਹਜ਼ਾਰ ਮੁਆਵਜ਼ਾ ਦਿੱਤਾ ਜਾਵੇ। ਮਰੀਆਂ ਗਊਆਂ ਨੂੰ ਦਫ਼ਨਾਉਣ ਦਾ ਪ੍ਰਬੰਧ ਕੀਤਾ ਜਾਵੇ ਅਤੇ ਨਵੇਂ ਪਸ਼ੂ ਖਰੀਦਣ ਲਈ ਬਿਨਾਂ ਵਿਆਜ ਕਰਜ਼ੇ ਦਿੱਤੇ ਜਾਣ। ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਵਾਨੀ ਦਿੱਤੀ ਕਿ ਜੇ ਲੰਪੀ ਸਕਿਨ ਕਾਰਨ ਹੋਏ ਨੁਕਸਾਨ ਦੀ ਪੂਰਤੀ ਕਰਨ ਤੇ ਹੋਰ ਮੰਗਾਂ ਪ੍ਰਤੀ ਸਰਕਾਰ ਨੇ ਗੰਭੀਰਤਾ ਨਾਲ ਕਾਰਵਾਈ ਨਾ ਕੀਤੀ ਤਾਂ ਸੰਯੁਕਤ ਕਿਸਾਨ ਮੋਰਚਾ ਸਖ਼ਤ ਅੰਦੋਲਨ ਕਰੇਗਾ। ਧਰਨੇ ਵਿੱਚ ਬਾਬਾ ਅਰਜਨ ਸਿੰਘ, ਹਰਦੇਵ ਸਿੰਘ ਵੀਰਮ, ਸ਼ਮਸ਼ੇਰ ਸਿੰਘ ਹੇਰ ਤੇ ਪਲਵਿੰਦਰ ਸਿੰਘ ’ਤੇ ਅਧਾਰਿਤ ਪ੍ਰਧਾਨਗੀ ਮੰਡਲ ਨੇ ਅਗਵਾਈ ਕੀਤੀ।
ਅਜਨਾਲਾ (ਸੁਖਦੇਵ ਸੁੱਖ): ਲੰਪੀ ਸਕਿਨ ਬਿਮਾਰੀ ਕਾਰਨ ਦੁਧਾਰੂ ਪਸ਼ੂਆਂ ਦੇ ਹੋਏ ਨੁਕਸਾਨ ਦੀ ਪੂਰਤੀ ਦੀ ਮੰਗ ਲਈ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਜਥੇਬੰਦੀਆਂ ਵੱਲੋਂ ਅੱਜ ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਅਜਨਾਲਾ ਸਥਿਤ ਦਫਤਰ ਅੱਗੇ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਤੇ ਕਿਰਤੀ ਕਿਸਾਨ ਯੂਨੀਅਨ ਦੇ ਧਨਵੰਤ ਸਿੰਘ ਖਤਰਾਏ ਕਲਾਂ, ਸ਼ੀਤਲ ਸਿੰਘ ਤਲਵੰਡੀ, ਸੁੱਚਾ ਸਿੰਘ ਤੇੜ੍ਹਾ, ਸੁਖਦੇਵ ਸਿੰਘ ਸੈਂਸਰਾ, ਅਵਤਾਰ ਸਿੰਘ ਛੀਨਾ, ਮੇਜਰ ਸਿੰਘ ਕੜਿਆਲ, ਸੁਰਜੀਤ ਸਿੰਘ ਦੁਧਰਾਏ, ਸੁਖਦੇਵ ਸਿੰਘ ਡੱਬਰ, ਤੇਜਬੀਰ ਮਾਨ ਤੇ ਬਲਵਿੰਦਰ ਸਿੰਘ ਮੁਕਾਮ ਆਦਿ ਨੇ ਸੰਬੋਧਨ ਕੀਤਾ।
ਜੰਡਿਆਲਾ ਗੁਰੂ (ਸਿਮਰਤਪਾਲ ਬੇਦੀ): ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਸੱਦੇ ਉੱਪਰ ਅੱਜ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੇ ਦਫਤਰ ਜੰਡਿਆਲਾ ਗੁਰੂ ਵਿੱਚ ਵੱਖ ਵੱਖ ਜਥੇਬੰਦੀਆਂ ਜਮਹੂਰੀ ਕਿਸਾਨ ਸਭਾ, ਕੁੱਲ ਹਿੰਦ ਕਿਸਾਨ ਸਭਾ, ਪੰਜਾਬ ਕਿਸਾਨ ਸਭਾ, ਕਿਰਤੀ ਕਿਸਾਨ ਯੂਨੀਅਨ ਪੰਜਾਬ ਅਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਧਰਨਾ ਦਿੱਤਾ ਗਿਆ। ਕਿਸਾਨਾਂ ਨੇ ‘ਆਪ’ ਦੇ ਸ਼ਹਿਰੀ ਪ੍ਰਧਾਨ ਸਰਬਜੀਤ ਸਿੰਘ ਡਿੰਪੀ ਨੂੰ ਕੈਬਨਿਟ ਮੰਤਰੀ ਦੇ ਨਾਮ ਮੰਗ ਪੱਤਰ ਸੌਂਪਿਆ।
ਪਠਾਨਕੋਟ (ਪੱਤਰ ਪ੍ਰੇਰਕ): ਜ਼ਿਲ੍ਹਾ ਪਠਾਨਕੋਟ ਅਤੇ ਜ਼ਿਲ੍ਹਾ ਗੁਰਦਾਸਪੁਰ ਦੀਆਂ ਮੋਰਚੇ ਸ਼ਾਮਲ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਕੈਬਿਨਟ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਘਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਮੰਤਰੀ ਦੇ ਨਾਮ ਮੰਗ ਪੱਤਰ ਐੱਸਡੀਐੱਮ ਪਠਾਨਕੋਟ ਨੂੰ ਸੌਂਪਿਆ। ਪ੍ਰਦਰਸ਼ਨ ਦੀ ਅਗਵਾਈ ਸਤਬੀਰ ਸਿੰਘ ਸੁਲਤਾਨੀ, ਬਲਵੰਤ ਘੋਹ, ਸਤਨਾਮ ਸਿੰਘ ਸੰਧੂ, ਪ੍ਰੇਮ ਸਿੰਘ, ਗੁਰਦੀਪ ਸਿੰਘ ਮੁਸਤਾਫਾਬਾਦ, ਸੱਤਿਆ ਦੇਵ ਸੈਣੀ, ਅਸ਼ਵਨੀ ਕੁਮਾਰ, ਗੁਰਵਿੰਦਰ ਸਿੰਘ ਜੀਵਨਚੱਕ ਤੇ ਬਚਨ ਸਿੰਘ ਆਦਿ ਨੇ ਕੀਤੀ।