ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 29 ਅਕਤੂਬਰ
ਢਾਡੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਮਾਰਚ ਕੀਤਾ ਅਤੇ ਸ਼੍ਰੋਮਣੀ ਕਮੇਟੀ ਦੇ ਦਫਤਰ ਬਾਹਰ ਰੋਸ ਵਿਖਾਵਾ ਕੀਤਾ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਤੇ ਅਧਿਕਾਰੀਆਂ ਨੂੰ ਆਪਣਾ ਖੂਨ ਭੇਟ ਕੀਤਾ ਹੈ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਦੇ ਪ੍ਰਧਾਨ ਬਲਦੇਵ ਸਿੰਘ ਐੱਮਏ ਦੀ ਅਗਵਾਈ ਹੇਠ ਇਸ ਢਾਡੀ ਜਥੇ ਦੇ ਮੈਂਬਰ ਇਥੇ ਕੋਤਵਾਲੀ ਨੇੜੇ ਇਕੱਠੇ ਹੋਏ ਅਤੇ ਰੋਸ ਮਾਰਚ ਕਰਦੇ ਹੋਏ ਸ਼੍ਰੋਮਣੀ ਕਮੇਟੀ ਦੇ ਦਫਤਰ ਦੇ ਬਾਹਰ ਪੁੱਜੇ। ਢਾਡੀਆਂ ਨੇ ਸ਼੍ਰੋਮਣੀ ਕਮੇਟੀ ਖਿਲਾਫ ਨਾਅਰੇਬਾਜ਼ੀ ਕਰਨ ਦੀ ਥਾਂ ਸਤਿਨਾਮ ਵਾਹਿਗੁਰੂ ਦਾ ਜਾਪ ਕੀਤਾ। ਲਗਪਗ ਦੋ ਤੋਂ ਤਿੰਨ ਘੰਟੇ ਰੋਸ ਵਿਖਾਵਾ ਕਰਨ ਤੋਂ ਬਾਅਦ ਉਨ੍ਹਾਂ ਨੇ ਸਮੂਹ ਢਾਡੀਆਂ ਵਲੋਂ ਦਿੱਤੇ ਖੂਨ ਨਾਲ ਭਰਿਆ ਇੱਕ ਪਿਆਲਾ ਸ਼੍ਰੋਮਣੀ ਕਮੇਟੀ ਦੇ ਮੁਖ ਦਫਤਰ ਦੇ ਪ੍ਰਵੇਸ਼ ਦਰਵਾਜ਼ੇ ਜਿਸ ਨੂੰ ਬੰਦ ਕਰ ਦਿੱਤਾ ਗਿਆ ਸੀ, ਦੇ ਬਾਹਰ ਰੱਖ ਦਿੱਤਾ। ਉਨਾਂ ਨੇ ਐਲਾਨ ਕੀਤਾ ਕਿ ਇਸ ਸਬੰਧ ਵਿੱਚ ਇੱਕ ਨਵੰਬਰ ਨੂੰ ਢਾਡੀਆਂ ਵੱਲੋਂ ਭੁੱਖ ਹੜਤਾਲ ਕੀਤੀ ਜਾਵੇਗੀ। ਜਥੇਬੰਦੀ ਦੇ ਪ੍ਰਧਾਨ ਸ੍ਰੀ ਐੱਮਏ ਨੇ ਦੱਸਿਆ ਕਿ ਢਾਡੀਆਂ ਦੀਆਂ ਮੰਗਾਂ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਮੰਨ ਲਿਆ ਸੀ। ਹੁਣ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਨ ਤੋਂ ਮੁੜ ਆਨਾਕਾਨੀ ਕੀਤੀ ਜਾ ਰਹੀ ਹੈ। ਉਨਾਂ ਦੋਸ਼ ਲਾਇਆ ਕਿ ਕੁਝ ਅਧਿਕਾਰੀ ਅਤੇ ਮੈਂਬਰਾਂ ਦੇ ਦਬਾਅ ਕਾਰਨ ਪ੍ਰਵਾਨ ਕੀਤੀਆਂ ਮੰਗਾਂ ਦੇ ਫੈਸਲੇ ਨੂੰ ਮੁੜ ਬਦਲ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਢਾਡੀਆਂ ਦੇ ਪ੍ਰਦਰਸ਼ਨ ਨੂੰ ਦੇਖ ਕੇ ਸ਼੍ਰੋਮਣੀ ਕਮੇਟੀ ਦੇ ਦਫਤਰ ਦੇ ਪ੍ਰਵੇਸ਼ ਦੁਆਰ ਨੂੰ ਬੰਦ ਕਰ ਦਿੱਤਾ ਗਿਆ ਸੀ। ਇਸੇ ਲਈ ਉਨ੍ਹਾਂ ਖੂਨ ਦਾ ਪਿਆਲਾ ਗੇਟ ਅੱਗੇ ਰੱਖ ਦਿੱਤਾ ਹੈ। ਇਸ ਤੋਂ ਪਹਿਲਾਂ ਢਾਡੀ ਕੋਤਵਾਲੀ ਤੋਂ ਰੋਸ ਮਾਰਚ ਕਰਦੇ ਹੋਏ ਵਿਰਾਸਤੀ ਮਾਰਗ ਰਾਹੀਂ ਜਲ੍ਹਿਆਂਵਾਲਾ ਬਾਗ ਤੇ ਸਰਾਵਾ ਤੋਂ ਹੁੰਦੇ ਹੋਏ ਸ਼੍ਰੋਮਣੀ ਕਮੇਟੀ ਦਫਤਰ ਦੇ ਬਾਹਰ ਪੁੱਜੇ। ਜਿੱਥੇ ਨਵੇਂ ਜੋੜਾ ਘਰ ਦੇ ਕੋਲ ਖੜ੍ਹੇ ਰਹਿ ਕੇ ਉਨ੍ਹਾਂ ਨੇ ਸਤਿਨਾਮ ਵਾਹਿਗੁਰੂ ਦਾ ਜਾਪ ਕੀਤਾ। ਇਸ ਸਬੰਧੀ ਅਗਲੇ ਪ੍ਰੋਗਰਾਮ ਦਾ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ ਢਾਡੀ ਜਥੇ ਪਹਿਲੀ ਨਵੰਬਰ ਨੂੰ ਸਵੇਰੇ 11 ਵਜੇ ਸ੍ਰੀ ਅਕਾਲ ਤਖਤ ਤੇ ਮੱਥਾ ਟੇਕ ਕੇ ਇਕ ਦਿਨ ਲਈ ਭੁੱਖ-ਹੜਤਾਲ ਕਰਨਗੇ । ਇਹ ਭੁੱਖ ਹੜਤਾਲ ਭਾਈ ਗੁਰਦਾਸ ਹਾਲ ਵਿਖੇ ਰੱਖੀ ਜਾਵੇਗੀ।
ਢਾਡੀ ਜਥੇ ਵਲੋਂ ਮੰਗ ਕੀਤੀ ਜਾ ਰਹੀ ਹੈ ਕਿ ਸ੍ਰੀ ਅਕਾਲ ਤਖਤ ਦੇ ਸਾਹਮਣੇ ਸਜਾਏ ਜਾਂਦੇ ਢਾਡੀ ਦੀਵਾਨ ਦਾ ਸਮਾਂ ਪਹਿਲਾਂ ਵਾਂਗ ਵਧਾਇਆ ਜਾਵੇ, ਢਾਡੀਆਂ ਦੀ ਬੰਦ ਕੀਤੀ ਭੇਟਾ ਚਾਲੂ ਕੀਤੀ ਜਾਵੇ ਸਮੇਤ ਹੋਰ ਮੰਗਾਂ ਸ਼ਾਮਲ ਹਨ। ਆਪਣੀਆਂ ਮੰਗਾਂ ਦੇ ਹੱਕ ਵਿਚ ਉਹ ਪਹਿਲਾਂ ਵੀ ਕੁਝ ਮੈਂਬਰਾਂ ਦੇ ਘਰਾਂ ਦੇ ਬਾਹਰ ਪ੍ਰਦਰਸ਼ਨ ਕਰ ਚੁੱਕੇ ਹਨ। ਅੱਜ ਦੇ ਰੋਸ ਵਿਖਾਵੇ ਵਿੱਚ ਢਾਡੀ ਖੜਕ ਸਿੰਘ ਪਠਾਨਕੋਟ, ਪੂਰਨ ਸਿੰਘ ਅਰਸੀ, ਲਖਬੀਰ ਸਿੰਘ ਕੋਮਲ, ਮਿਲਖਾ ਸਿੰਘ ਮੌਜੀ, ਭੁਪਿੰਦਰ ਸਿੰਘ ਪਾਰਸਮਨੀ, ਸੁਖਦੇਵ ਸਿੰਘ ਬੂਹ, ਸਤਨਾਮ ਸਿੰਘ ਲਾਲੂਘੁੰਮਨ, ਗੁਰਜੀਤ ਸਿੰਘ ਮਾਨੋਚਾਹਲ ਤੇ ਹੋਰ ਢਾਡੀ ਸ਼ਾਮਲ ਸਨ।