ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 24 ਨਵੰਬਰ
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਵਲੋਂ 25 ਨਵੰਬਰ ਤੋਂ ਸ਼ੁਰੂ ਕੀਤੇ ਜਾਣ ਵਾਲਾ ਮਰਨ ਵਰਤ ਹਾਲ ਦੀ ਘੜੀ 4 ਦਸੰਬਰ ਤੱਕ ਮੁਲਤਵੀ ਕਰ ਦਿੱਤਾ ਹੈ। ਜਥੇਬੰਦੀ ਦੇ ਮੁਖੀ ਬਲਦੇਵ ਸਿੰਘ ਐੱਮਏ ਨੇ ਦੱਸਿਆ ਕਿ ਢਾਡੀਆਂ ਦੀਆਂ ਮੰਗਾਂ ਬਾਰੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਗੱਲ ਹੋਈ ਹੈ, ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਕੋਲੋਂ ਮੰਗਾਂ ਮਨਵਾਉਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਵਲੋਂ ਦਿੱਤੇ ਭਰੋਸੇ ਨੂੰ ਢਾਡੀ ਸਭਾ ਵਲੋਂ ਵਰਕਿੰਗ ਕਮੇਟੀ ਵਿਚ ਵਿਚਾਰਿਆ ਗਿਆ ਹੈ ਅਤੇ ਦਿੱਤੇ ਭਰੋਸੇ ’ਤੇ ਵਿਸ਼ਵਾਸ ਕਰਦਿਆਂ ਚਾਰ ਦਸੰਬਰ ਤਕ ਸੰਘਰਸ਼ ਮੁਲਤਵੀ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਮਰਨ ਵਰਤ ਲਈ ਤਿਆਰੀ ਮੁਕੰਮਲ ਕਰ ਲਈ ਸੀ ਪਰ ਸ੍ਰੀ ਮਜੀਠੀਆ ਦੇ ਭਰੋਸੇ ਤੋਂ ਬਾਅਦ ਇਸ ਨੂੰ ਹਾਲ ਦੀ ਘੜੀ ਮੁਲਤਵੀ ਕਰ ਦਿੱਤਾ ਹੈ ਪਰ ਉਨ੍ਹਾਂ ਆਖਿਆ ਕਿ ਜੇ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਜਾਰੀ ਰਹੇਗਾ। ਇਥੇ ਦੱਸਣਯੋਗ ਹੈ ਕਿ ਢਾਡੀਆਂ ਨੂੰ ਸ੍ਰੀ ਅਕਾਲ ਤਖਤ ਵਿਖੇ ਦਰਬਾਰ ਲਾਉਣ ਮੌਕੇ ਮੱਸਿਆ ਸੰਗਰਾਂਦ ’ਤੇ ਦਿੱਤੀ ਜਾਂਦੀ ਭੇਟਾ ਸ਼੍ਰੋਮਣੀ ਕਮੇਟੀ ਵੱਲੋਂ ਬੰਦ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਢਾਡੀ ਦਰਬਾਰ ਦੇ ਸਮੇਂ ਵਿੱਚ ਵੀ ਕਟੌਤੀ ਕੀਤੀ ਗਈ ਹੈ। ਇਸ ਤੋਂ ਇਲਾਵਾ ਕੁਝ ਹੋਰ ਮੰਗਾਂ ਨੂੰ ਲੈ ਕੇ ਢਾਡੀਆਂ ਵੱਲੋਂ ਸ਼੍ਰੋਮਣੀ ਕਮੇਟੀ ਖਿਲਾਫ਼ ਸੰਘਰਸ਼ ਵਿੱਢਿਆ ਹੋਇਆ ਹੈ।ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਵੱਲੋਂ ਢਾਡੀਆਂ ਪ੍ਰਤੀ ਅਪਣਾਏ ਬੇਰੁਖ਼ੀ ਵਾਲੇ ਰਵਈਏ ਤੋਂ ਅਨੇਕਾਂ ਧਾਰਮਿਕ ਸੰਸਥਾਵਾਂ ਵੀ ਪ੍ਰੇਸ਼ਾਨ ਹਨ ਅਤੇ ਸਿੱਖ ਇਸ ਮਸਲੇ ਦਾ ਸੁਖਾਵਾ ਹੱਲ ਦੇਖਣਾ ਚਾਹੁੰਦੇ ਹਨ।