ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 8 ਜੁਲਾਈ
ਪੰਜਾਬ ਦੇ ਡੀਜੀਪੀ ਵੱਲੋਂ ਘੱਲੂਘਾਰਾ ਹਫ਼ਤੇ ਦੌਰਾਨ ਕਾਨੂੰਨ ਵਿਵਸਥਾ ਨੂੰ ਬਿਹਤਰ ਬਣਾਏ ਰੱਖਣ ਲਈ ਸ਼ਲਾਘਾਯੋਗ ਡਿਊਟੀ ਨਿਭਾਉਣ ਵਾਸਤੇ ਪੁਲੀਸ ਕਮਿਸ਼ਨਰ ਅਰੁਣਪਾਲ ਸਿੰਘ ਅਤੇ ਤਿੰਨ ਹੋਰ ਪੁਲੀਸ ਅਧਿਕਾਰੀਆਂ ਨੂੰ ਡਾਇਰੈਕਟਰ ਜਨਰਲ ਕਮੈਂਡੇਸ਼ਨ ਡਿਸਕ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਪੁਲੀਸ ਕਮਿਸ਼ਨਰ ਤੋਂ ਇਲਾਵਾ ਡਿਪਟੀ ਕਮਿਸ਼ਨਰ ਪਰਮਿੰਦਰ ਸਿੰਘ ਭੰਡਾਲ ਦੇ ਨਾਲ ਸਹਾਇਕ ਕਮਿਸ਼ਨਰ ਡੀ ਜਤਿੰਦਰ ਅਤੇ ਸਬ ਇੰਸਪੈਕਟਰ ਪਰਮਜੀਤ ਸਿੰਘ ਸ਼ਾਮਲ ਹਨ, ਜਿਨ੍ਹਾਂ ਨੂੰ ਇਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਪੁਲੀਸ ਵੱਲੋਂ ਘੱਲੂਘਾਰਾ ਹਫ਼ਤੇ ਦੌਰਾਨ ਇੱਥੇ ਸ਼ਹਿਰ ਸਮੇਤ ਸਮੁੱਚੇ ਜ਼ਿਲ੍ਹੇ ਵਿੱਚ ਵੱਡੀ ਗਿਣਤੀ ਵਿਚ ਪੁਲੀਸ ਬਲ ਤਾਇਨਾਤ ਕੀਤੇ ਗਏ ਸਨ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਇਸ ਸਬੰਧੀ ਨੀਮ ਫੌਜੀ ਬਲ ਦੇ ਦਸਤੇ ਵੀ ਸੱਦੇ ਗਏ ਸਨ।
ਉਸ ਵੇਲੇ ਬਰਾਮਦ ਹੋਈ ਵਿਸਫੋਟਕ ਸਮੱਗਰੀ ਆਈਈਡੀ ਅਤੇ ਹੈਂਡ ਗਰਨੇਡ ਆਦਿ ਦੇ ਮਿਲਣ ਮਗਰੋਂ ਪੁਲੀਸ ਵਧੇਰੇ ਚੌਕਸ ਸੀ। ਖੁਫੀਆ ਏਜੰਸੀਆਂ ਨੇ ਚੌਕਸ ਕੀਤਾ ਸੀ ਕਿ ਕੁਝ ਗੈਰ ਸਮਾਜੀ ਤੱਤਾਂ ਵੱਲੋਂ ਕਾਨੂੰਨ ਅਤੇ ਅਮਨ ਦੀ ਵਿਵਸਥਾ ਨੂੰ ਵਿਗਾੜਿਆ ਜਾ ਸਕਦਾ ਹੈ।