ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 18 ਸਤੰਬਰ
ਥਾਣਾ ਰਾਮਬਾਗ ਦੀ ਪੁਲੀਸ ਵੱਲੋਂ ਚੋਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਇੱਕ ਵਿਅਕਤੀ ਇਲਾਜ ਲਈ ਬੀਤੇ ਦਿਨ ਗੁਰੂ ਨਾਨਕ ਦੇਵ ਹਸਪਤਾਲ ਭੇਜਿਆ ਗਿਆ ਸੀ, ਜੋ ਪੁਲੀਸ ਨੂੰ ਚਕਮਾ ਦੇ ਕੇ ਭੱਜ ਗਿਆ ਪਰ ਪੁਲੀਸ ਨੇ ਅੱਜ ਉਸ ਨੂੰ ਮੁੜ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਵਿਅਕਤੀ ਦੀ ਸ਼ਨਾਖਤ ਕਰਨਦੀਪ ਸਿੰਘ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਗ੍ਰਿਫ਼ਤਾਰੀ ਤੋਂ ਬਾਅਦ ਉਸ ਨੇ ਆਪਣੀ ਬਾਂਹ ਦੀ ਹੱਡੀ ਵਿੱਚ ਸਖ਼ਤ ਦਰਦ ਦੀ ਸ਼ਿਕਾਇਤ ਕੀਤੀ ਜਿਸ ’ਤੇ ਥਾਣਾ ਮੁਖੀ ਵੱਲੋਂ ਉਸ ਨੂੰ ਦੋ ਪੁਲੀਸ ਕਰਮਚਾਰੀਆਂ ਦੇ ਨਾਲ ਗੁਰੂ ਨਾਨਕ ਦੇਵ ਹਸਪਤਾਲ ਮੈਡੀਕਲ ਜਾਂਚ ਲਈ ਭੇਜ ਦਿੱਤਾ ਗਿਆ ਸੀ। ਡਾਕਟਰਾਂ ਨੇ ਉਸ ਦੀ ਬਾਂਹ ਦੀ ਹੱਡੀ ਦੀ ਜਾਂਚ ਮਗਰੋਂ ਇਲਾਜ ਵਾਸਤੇ ਦਵਾਈਆਂ ਲਈ ਇੱਕ ਪਰਚੀ ਲਿਖ ਦਿੱਤੀ। ਇਸ ਦੌਰਾਨ ਇੱਕ ਪੁਲੀਸ ਕਰਮਚਾਰੀ ਇਹ ਦਵਾਈਆਂ ਲੈਣ ਲਈ ਚਲਾ ਗਿਆ ਜਦੋਂਕਿ ਦੂਜਾ ਪੁਲੀਸ ਕਰਮਚਾਰੀ ਗ੍ਰਿਫ਼ਤਾਰ ਕੀਤੇ ਵਿਅਕਤੀ ਦੇ ਕੋਲ ਰੁਕ ਗਿਆ ਪਰ ਮੌਕਾ ਦੇਖਦਿਆਂ ਇਸ ਵਿਅਕਤੀ ਨੇ ਪੁਲੀਸ ਕਰਮਚਾਰੀ ਨੂੰ ਧੱਕਾ ਮਾਰਿਆ ਅਤੇ ਉੱਥੋਂ ਭੱਜ ਗਿਆ। ਇਸ ਕਰਮਚਾਰੀ ਨੇ ਤੁਰੰਤ ਘਟਨਾ ਬਾਰੇ ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਿਨ੍ਹਾਂ ਨੇ ਇਲਾਕੇ ਵਿੱਚ ਰੈੱਡ ਅਲਰਟ ਕਰ ਦਿੱਤਾ। ਪੁਲੀਸ ਨੇ ਅੱਜ ਇਸ ਵਿਅਕਤੀ ਨੂੰ ਮੁੜ ਬਿਆਸ ਇਲਾਕੇ ਵਿੱਚੋਂ ਗ੍ਰਿਫ਼ਤਾਰ ਕਰ ਲਿਆ ਹੈ। ਏਡੀਸੀਪੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਡਿਊਟੀ ਦੌਰਾਨ ਤਾਇਨਾਤ ਕਰਮਚਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ।