ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 9 ਅਪਰੈਲ
ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਦੇ ਅੰਤਰ-ਵਿਭਾਗੀ ਕਲਾ ਅਤੇ ਸਭਿਆਚਾਰਕ ਮੁਕਾਬਲਿਆਂ ਦਾ ਚਾਰ ਰੋਜ਼ਾ ‘ਜਸ਼ਨ-2022’ ਅੱਜ ਇੱਥੇ ਯੁੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿੱਚ ਗਿੱਧੇ ਦੀ ਧਮਾਲ ਨਾਲ ਸਮਾਪਤ ਹੋ ਗਿਆ। ਜਸ਼ਨ ਵਿਚ ਸਭ ਤੋਂ ਬਿਹਤਰੀਨ ਪ੍ਰਦਰਸ਼ਨ ਕਰਨ ਵਾਲਾ ਯੂਨੀਵਰਸਿਟੀ ਦਾ ਆਰਕੀਟੈਕਚਰ ਵਿਭਾਗ ਪਹਿਲੇ ਸਥਾਨ ’ਤੇ ਰਿਹਾ ਜਦੋਂ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਇਲੈਕਟ੍ਰੋਨਿਕਸ ਵਿਭਾਗ ਦੂਜੇ ਅਤੇ ਯੂਨੀਵਰਸਿਟੀ ਸਕੂਲ ਆਫ ਫਾਈਨੈਂਸ਼ੀਅਲ ਸਟੱਡੀਜ਼ (ਯੂਐੱਸਐੱਫਐੱਸ) ਤੀਜੇ ਸਥਾਨ ’ਤੇ ਰਿਹਾ। ਮਿਉਂਸੀਪਲ ਕਾਰਪੋਰੇਸ਼ਨ ਅੰਮ੍ਰਿਤਸਰ ਦੇ ਕਮਿਸ਼ਨਰ, ਸੰਦੀਪ ਰਿਸ਼ੀ ਇਸ ਮੌਕੇ ਮੁੱਖ ਮਹਿਮਾਨ ਸਨ। ਇਸ ਮੌਕੇ ਸੰਦੀਪ ਰਿਸ਼ੀ, ਡੀਨ ਅਕਾਦਮਿਕ ਮਾਮਲੇ, ਪ੍ਰੋ. ਸਰਬਜੋਤ ਸਿੰਘ ਬਹਿਲ, ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਅਤੇ ਪ੍ਰੋ. ਅਨੀਸ਼ ਦੂਆ ਨੇ ਜੇਤੂਆਂ ਨੂੰ ਇਨਾਮ ਵੰਡੇ। ਯੂਐਸਐਫਐਸ ਤੋਂ ਅਨੀਮੇਸ ਸਲਹੋਤਰਾ ਨੂੰ ਮਿਸਟਰ ਜਸ਼ਨ ਅਤੇ ਕੰਪਿਊਟਰ ਇੰਜਨੀਅਰਿੰਗ ਅਤੇ ਟੈਕਨਾਲੋਜੀ ਵਿਭਾਗ ਤੋਂ ਮਿਸ ਗੁਰਲੀਨ ਕੌਰ ਅਤੇ ਆਰਕੀਟੈਕਚਰ ਵਿਭਾਗ ਦੀ ਮਿਸ ਨਿਕਿਤਾ ਨੂੰ ਸਾਂਝੇ ਤੌਰ ’ਤੇ ਮਿਸ ਜਸ਼ਨ ਐਲਾਨਿਆ ਗਿਆ। ਇਸ ਮੌਕੇ ਫਾਈਨ ਆਰਟਸ – ਪਹਿਲਾ ਆਰਕੀਟੈਕਚਰ ਵਿਭਾਗ, ਦੂਜਾ ਇਲੈਕਟ੍ਰੋਨਿਕਸ ਅਤੇ ਤੀਜਾ ਯੂਐਸਐਫਐਸ, ਲਿਟਰੇਰੀ ਵਿੱਚ ਪਹਿਲਾ ਜੂਆਲੋਜੀ, ਦੂਜਾ ਮਾਈਕ੍ਰੋਬਾਇਓਲੋਜੀ ਐਂਡ ਸਕੂਲ ਆਫ ਪੰਜਾਬੀ ਸਟੱਡੀਜ (ਸਾਂਝੇ ਤੌਰ ’ਤੇ) ਅਤੇ ਤੀਜਾ ਸੀਐਸਡੀਏ ਤੇ ਯੂਐਸਐਫਐਸ (ਸਾਂਝੇ ਤੌਰ ’ਤੇ)। ਸੰਗੀਤ ਵਿੱਚ ਪਹਿਲਾ ਆਰਕੀਟੈਕਚਰ ਵਿਭਾਗ, ਦੂਜਾ ਇਲੈਕਟ੍ਰੋਨਿਕਸ ਵਿਭਾਗ ਅਤੇ ਤੀਜਾ ਕਾਨੂੰਨ ਵਿਭਾਗ, ਥੀਏਟਰ ਵਿੱਚ ਪਹਿਲਾ ਕੈਮਿਸਟਰੀ ਵਿਭਾਗ, ਦੂਜਾ ਯੂਐਸਐਫਐਸ ਅਤੇ ਤੀਜਾ ਆਰਕੀਟੈਕਚਰ ਵਿਭਾਗ ਅਤੇ ਕੰਪਿਊਟਰ ਇੰਜਨੀਅਰਿੰਗ ਅਤੇ ਟੈਕਨਾਲੋਜੀ ਵਿਭਾਗ (ਸਾਂਝੇ ਤੌਰ ’ਤੇ) ਨੂੰ ਮਿਲਿਆ।