ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 3 ਅਕਤੂਬਰ
ਸ਼ਹਿਰ ਵਿੱਚੋਂ ਡੇਂਗੂ ਦੇ ਖ਼ਾਤਮੇ ਲਈ ਮੱਛਰ ਮਾਰ ਦਵਾਈ ਦਾ ਛਿੜਕਾਅ ਕਰਨ ਲਈ 10 ਹੋਰ ਸਪਰੇਅ ਮਸ਼ੀਨਾਂ ਨੂੰ ਝੰਡੀ ਦੇ ਕੇ ਰਵਾਨਾ ਕਰਦਿਆਂ ਉਪ ਮੁੱਖ ਮੰਤਰੀ ਓ.ਪੀ. ਸੋਨੀ ਨੇ ਕਿਹਾ ਕਿ ਹਰ ਮਸ਼ੀਨ ਗਲੀਆਂ ਤੇ ਬਾਜ਼ਾਰਾਂ ਵਿਚ ਜਾ ਕੇ ਮੱਛਰ ਮਾਰ ਦਵਾਈ ਦਾ ਛਿੜਕਾਅ ਕਰੇ।
ਦੱਸਣਯੋਗ ਹੈ ਕਿ ਡੇਂਗੂ ਦਾ ਡੰਗ ਲਗਾਤਾਰ ਤੇਜ਼ ਹੋ ਰਿਹਾ ਹੈ। ਹਰ ਗਲੀ ਮੁਹੱਲੇ ਅਤੇ ਘਰ ਵਿਚ ਡੇਂਗੂ ਦੇ ਮਰੀਜ਼ ਹਨ। ਸਰਕਾਰੀ ਅੰਕੜੇ ਭਾਵੇਂ ਡੇਂਗੂ ਮਰੀਜ਼ਾਂ ਦੀ ਗਿਣਤੀ ਸੈਂਕੜਿਆਂ ਵਿੱਚ ਦੱਸ ਰਹੇ ਹਨ ਪਰ ਇਹ ਗਿਣਤੀ ਇਸ ਤੋਂ ਜ਼ਿਆਦਾ ਹੈ।
ਅੱਜ ਸ਼ਹਿਰ ਵਿੱਚ ਸਪਰੇਅ ਮਸ਼ੀਨਾਂ ਨੂੰ ਰਵਾਨਾ ਕਰਨ ਸਮੇਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਮਸ਼ੀਨਾਂ ਤੋਂ ਸਹੀ ਢੰਗ ਨਾਲ ਕੰਮ ਲੈਣਾ ਜ਼ਰੂਰੀ ਹੈ। ਇਸ ਲਈ ਹਰ ਇਲਾਕੇ ਵਿਚ ਇਸ ਮਸ਼ੀਨ ਦੀ ਵਰਤੋਂ ਕੌਂਸਲਰਾਂ ਦੀ ਸਲਾਹ ਨਾਲ ਕੀਤੀ ਜਾਵੇ। ਮਸ਼ੀਨ ਦੀ ਲਾਗ ਬੁੱਕ ਉੱਤੇ ਕੌਂਸਲਰ ਤੋਂ ਦਸਤਖ਼ਤ ਕਰਵਾਏ ਜਾਣ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿਚ ਇਸ ਵੇਲੇ 26 ਮਸ਼ੀਨਾਂ ਵੱਖ-ਵੱਖ ਇਲਾਕਿਆਂ ਵਿਚ ਸਪਰੇਅ ਕਰ ਰਹੀਆਂ ਹਨ ਅਤੇ ਇਸ ਨਾਲ ਸ਼ਹਿਰ ਦੀਆਂ ਜਨਤਕ ਥਾਵਾਂ ਡੇਂਗੂ ਦੇ ਮੱਛਰ ਤੋਂ ਮੁਕਤ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀ ਜ਼ਿੰਮੇਵਾਰੀ ਸੰਭਾਲਦੇ ਹੋਏ ਕੋਸ਼ਿਸ਼ ਹੈ ਕਿ ਪੰਜਾਬ ਵਾਸੀਆਂ ਨੂੰ ਬਿਹਤਰ ਸਿਹਤ ਸਹੂਲਤਾਂ ਮਿਲਣ। ਉਨ੍ਹਾਂ ਹਦਾਇਤ ਕੀਤੀ ਕਿ ਸ਼ਹਿਰ ਦੀਆਂ ਸਾਰੀਆਂ ਜਨਤਕ ਥਾਵਾਂ ਉੱਤੇ ਲਗਾਤਾਰ ਦਵਾਈ ਦਾ ਛੜਕਾਅ ਹੁੰਦਾ ਰਹੇ।
ਇਸ ਮੌਕੇ ਵਧੀਕ ਡਿਪਟੀ ਕਮਿਸਨਰ ਸੰਦੀਪ ਰਿਸ਼ੀ ਨੇ ਦੱਸਿਆ ਕਿ ਕਾਰਪੋਰੇਸ਼ਨ ਵੱਲੋਂ ਸਾਰੀਆਂ ਕਾਲੋਨੀਆਂ ਨੂੰ ਸਪਰੇਅ ਕਰਨ ਲਈ ਆਪਣੀ ਯੋਜਨਾ ਵਿਚ ਰੱਖਿਆ ਗਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਲਈ ਆਪਣੇ ਘਰਾਂ, ਦਫ਼ਤਰਾਂ, ਦੁਕਾਨਾਂ ਦੀ ਸਫ਼ਾਈ ਕੀਤੀ ਜਾਵੇ।