ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 3 ਜਨਵਰੀ
ਸਥਾਨਕ ਮਜੀਠਾ ਰੋਡ ਵਿਖੇ ਰਾਮ ਨਗਰ ਕਲੋਨੀ ਵਿੱਚ ਇਕ ਦੋ ਸਾਲ ਦੇ ਮਾਸੂਮ ਬੱਚੇ ਇਸ਼ਾਨ ਦੀ ਖੁੱਲ੍ਹੇ ਸੀਵਰੇਜ ਵਿੱਚ ਡਿੱਗਣ ਕਾਰਨ ਮੌਤ ਹੋ ਗਈ ਹੈ। ਬੱਚੇ ਦੀ ਮੌਤ ਮਗਰੋਂ ਮਾਪਿਆਂ, ਰਿਸ਼ਤੇਦਾਰਾਂ ਤੇ ਸਮਰਥਕਾਂ ਵਲੋਂ ਲਾਸ਼ ਨੂੰ ਸੜਕ ਵਿੱਚ ਰੱਖ ਕੇ ਸੀਵਰੇਜ ਪਾਉਣ ਵਾਲੇ ਠੇਕੇਦਾਰ ਅਤੇ ਸਥਾਨਕ ਪ੍ਰਸ਼ਾਸਨ ਖਿਲਾਫ ਰੋਸ ਵਿਖਾਵਾ ਕੀਤਾ ਗਿਆ ਹੈ। ਇਸ ਰੋਸ ਵਿਖਾਵੇ ਕਾਰਨ ਕਈ ਘੰਟੇ ਸੜਕੀ ਆਵਾਜਾਈ ਪ੍ਰਭਾਵਿਤ ਹੋਈ ਹੈ।
ਮਿਲੇ ਵੇਰਵਿਆਂ ਮੁਤਾਬਕ ਇਹ ਸੀਵਰੇਜ ਪਾਉਣ ਲਈ ਪੁੱਟੀ ਨਾਲੀ ਗੰਦੇ ਪਾਣੀ ਨਾਲ ਭਰੀ ਹੋਈ ਸੀ। ਇਸ਼ਾਨ ਅਤੇ ਉਸਦਾ ਵੱਡਾ ਭਰਾ ਦੋਵੇਂ ਖੇਡ ਰਹੇ ਸਨ ਕਿ ਇਸ ਦੌਰਾਨ ਇਸ਼ਾਨ ਇਸ ਸੀਵਰੇਜ ਵਿੱਚ ਡਿਗ ਪਿਆ।
ਇਸ ਦੀ ਖਬਰ ਮਿਲਣ ਮਗਰੋਂ ਰੋਹ ਵਿਚ ਆਏ ਲੋਕਾਂ ਨੇ ਮਜੀਠਾ ਰੋਡ ਸੜਕ ’ਤੇ ਬੱਚੇ ਦੀ ਲਾਸ਼ ਰੱਖ ਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਪੀੜਤ ਦੇ ਪਿਤਾ ਨੇ ਠੇਕੇਦਾਰ ਖਿਲਾਫ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਪੁਲੀਸ ਨੇ ਮੌਕੇ ’ਤੇ ਜਾ ਕੇ ਪਰਿਵਾਰ ਅਤੇ ਲੋਕਾਂ ਨੂੰ ਕਾਰਵਾਈ ਦਾ ਭਰੋਸਾ ਦਿੱਤਾ ਹੈ। ਥਾਣਾ ਸਦਰ ਦੇ ਐੱਸਐੱਚਓ ਗੁਰਵਿੰਦਰ ਸਿੰਘ ਨੇ ਕਿਹਾ ਕਿ ਲਾਪਰਵਾਹੀ ਵਰਤਣ ਦੇ ਦੋਸ਼ ਹੇਠ ਆਈਪੀਸੀ ਦੀ ਧਾਰਾ 304 ਏ ਤਹਿਤ ਅਣਪਛਾਤੇ ਠੇਕੇਦਾਰ ਅਤੇ ਇੱਕ ਮੈਂਬਰ ਪੰਚਾਇਤ ਨੂੰ ਨਾਮਜ਼ਦ ਕੀਤਾ ਹੈ।