ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 15 ਅਪਰੈਲ
ਤਰਕਸ਼ੀਲ ਸੁਸਾਇਟੀ ਪੰਜਾਬ ਦੀ ਅੰਮ੍ਰਿਤਸਰ ਇਕਾਈ ਵਲੋਂ ਸੁੰਦਰੀਕਰਨ ਦੇ ਨਾਂ ਹੇਠ ਜੱਲ੍ਹਿਆਂਵਾਲਾ ਬਾਗ਼ ਦੇ ਇਤਿਹਾਸਕ ਮੂਲ ਸਰੂਪ ਅਤੇ ਪ੍ਰਮਾਣਿਤ ਤੱਥਾਂ ਨਾਲ ਕੀਤੀ ਗਈ ਛੇੜਛਾੜ ਖਿਲਾਫ ਅਤੇ ਇਸ ਦੇ ਮੂਲ ਸਰੂਪ ਦੀ ਬਹਾਲੀ ਦੀ ਮੰਗ ਨੂੰ ਲੈ ਕੇ ਤਰਕਸ਼ੀਲ ਆਗੂ ਰਾਜ ਕੁਮਾਰ ਵੇਰਕਾ ਦੀ ਅਗਵਾਈ ਹੇਠ ਸਥਾਨਕ ਕੰਪਨੀ ਬਾਗ਼ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਤਰਕਸ਼ੀਲ ਆਗੂਆਂ ਜਸਪਾਲ ਬਾਸਰਕੇ ਅਤੇ ਸੁਮੀਤ ਸਿੰਘ ਨੇ ਮੋਦੀ ਸਰਕਾਰ ਦੇ ਅੜੀਅਲ ਵਤੀਰੇ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਜੱਲ੍ਹਿਆਂਵਾਲਾ ਬਾਗ਼ ਦੇ ਤੰਗ ਗਲੀ ਦੇ ਲਾਂਘੇ ਵਿਚ ਵਿਦਰੋਹ ਕਰਦੇ ਲੋਕਾਂ ਦੀ ਬਜਾਏ ਨੱਚਦੇ-ਟੱਪਦੇ ਲੋਕਾਂ ਦੀਆਂ ਮੂਰਤੀਆਂ ਸਥਾਪਤ ਕਰਨਾ, ਫਾਇਰਿੰਗ ਪੁਆਇੰਟ ਦੇ ਪਿੱਲਰ ਨੂੰ ਢਾਹੁਣਾ, ਸ਼ਹੀਦੀ ਲਾਟ ਨੂੰ ਦੂਰ ਤਬਦੀਲ ਕਰਨਾ, ਸ਼ਹੀਦੀ ਸਮਾਰਕ ਸਾਹਮਣੇ ਭਾਜਪਾ ਦਾ ਚੋਣ ਨਿਸ਼ਾਨ ਕਮਲ ਦਾ ਫੁੱਲ ਸਥਾਪਤ ਕਰਨਾ, ਸ਼ਹੀਦੀ ਖੂਹ ਦਾ ਪੁਰਾਤਨ ਸਰੂਪ ਵਿਗਾੜਨਾ, ਗੋਲੀਆਂ ਦੇ ਨਿਸ਼ਾਨ ਜ਼ਮੀਨੀ ਲੈਵਲ ਤੋਂ ਹੇਠਾਂ ਰੱਖਣਾ, ਸ਼ਹੀਦ ਊਧਮ ਸਿੰਘ ਸਮੇਤ ਜੱਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਨੂੰ ਸ਼ਹੀਦ ਦਾ ਦਰਜਾ ਨਾ ਦੇਣਾ, ਸ਼ਹੀਦੀ ਬਾਗ਼ ਨੂੰ ਪਿਕਨਿਕ ਦਾ ਸਥਾਨ ਬਣਾਉਣਾ ਅਤੇ ਦਾਖਲਾ ਟਿਕਟ ਦੇ ਢਾਂਚੇ ਨੂੰ ਸਥਾਪਤ ਕਰਨ ਆਦਿ ਵਰਗੀਆਂ ਲੋਕ ਵਿਰੋਧੀ ਕਾਰਵਾਈਆਂ ਨਾਲ ਬਾਗ਼ ਦੇ ਇਤਿਹਾਸਕ ਸਰੂਪ ਨੂੰ ਪੂਰੀ ਤਰ੍ਹਾਂ ਵਿਗਾੜ ਕੇ ਅਮਰ ਸ਼ਹੀਦਾਂ ਦਾ ਅਪਮਾਨ ਕੀਤਾ ਗਿਆ ਹੈ।
ਤਰਕਸ਼ੀਲ ਆਗੂਆਂ ਮਾਸਟਰ ਕੁਲਜੀਤ ਵੇਰਕਾ, ਮਨਜੀਤ ਬਾਸਰਕੇ ਅਤੇ ਅਸ਼ਵਨੀ ਕੁਮਾਰ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਵਲੋਂ ਅਜਿਹੀਆਂ ਸਾਮਰਾਜਪੱਖੀ ਤਬਦੀਲੀਆਂ ਇਤਿਹਾਸ ਦੇ ਭਗਵੇਂਕਰਨ ਦੇ ਏਜੰਡੇ ਹੇਠ ਕੀਤੀਆਂ ਗਈਆਂ ਹਨ ਤਾਂ ਕਿ ਆਮ ਲੋਕਾਂ ਨੂੰ ਅਤੇ ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਸਾਮਰਾਜੀ ਬਰਤਾਨਵੀ ਹਕੂਮਤ ਵਲੋਂ ਹਿੰਦੁਸਤਾਨ ਦੇ ਲੋਕਾਂ ਉੱਤੇ ਕੀਤੇ ਖੂਨੀ ਜਬਰ-ਜ਼ੁਲਮ ਦੇ ਇਤਿਹਾਸ ਤੋਂ ਵਾਂਝਿਆਂ ਰੱਖਿਆ ਜਾ ਸਕੇ। ਤਰਕਸ਼ੀਲ ਆਗੂ ਕਾਮਰੇਡ ਬਲਵਿੰਦਰ ਦੁਧਾਲਾ ਅਤੇ ਹਰਜਿੰਦਰ ਜਲਾਲਪੁਰ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਵੱਡੇ ਪੱਧਰ ’ਤੇ ਰੋਸ ਮੁਜ਼ਾਹਰੇ ਹੋਣ ਦੇ ਬਾਵਜੂਦ ਕੇਂਦਰ ਸਰਕਾਰ ਜਾਂ ਜਲ੍ਹਿਆਂਵਾਲਾ ਬਾਗ਼ ਕੌਮੀ ਯਾਦਗਾਰੀ ਟਰੱਸਟ ਨੇ ਇਸ ਮੁੱਦੇ ਨੂੰ ਸੁਲਝਾਉਣ ਲਈ ਕੋਈ ਪਹਿਲਕਦਮੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ।