ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 18 ਜੁਲਾਈ
ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਭੂਸ਼ਾ ਦੇ ਨੌਜਵਾਨ ਸਾਊਦੀ ਅਰਬ ਵਿੱਚ ਫਸਿਆ ਹੋਇਆ ਹੈ। ਵਿਦੇਸ਼ ਗਏ ਕੁਲਦੀਪ ਸਿੰਘ ਦੀ ਮਾਂ ਪਰਮਜੀਤ ਕੌਰ, ਪਤਨੀ ਸਿਮਰਜੀਤ ਕੌਰ ਅਤੇ ਭੈਣ ਹਰਪ੍ਰੀਤ ਕੌਰ ਨੇ ਦੱਸਿਆ ਕਿ ਕੁਲਦੀਪ ਸਿੰਘ ਨੂੰ 4 ਸਤੰਬਰ 2019 ਨੂੰ ਨੇੜਲੇ ਪਿੰਡ ਜਾਗੋਵਾਲ ਬੇਟ ਦੇ ਟਰੈਵਲ ਏਜੰਟ ਰਾਹੀਂ ਡੇਢ ਲੱਖ ਰੁਪਏ ਦੇ ਕੇ ਕਤਰ ਵਿੱਚ ਰੁਜ਼ਗਾਰ ਲਈ ਭੇਜਿਆ ਸੀ। ਪਰ ਏਜੰਟ ਨੇ ਕੁਲਦੀਪ ਸਿੰਘ ਨੂੰ ਸਾਊਦੀ ਅਰਬ ਵਿੱਚ ਪਹੁੰਚਾ ਦਿੱਤਾ। ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਕੁਲਦੀਪ ਸਿੰਘ ਨੂੰ ਉੱਥੇ ਕੰਪਨੀ ਵਿੱਚ ਬੰਧੂਆ ਟਰੱਕ ਚਾਲਕ ਦੀ ਤਰ੍ਹਾਂ ਕੰਮ ਕਰਨਾ ਪੈ ਰਿਹਾ ਹੈ। ਉਸ ਨੂੰ ਪਿਛਲੇ 8 ਮਹੀਨਿਆਂ ਤੋਂ ਕੋਈ ਮਿਹਨਤਾਨਾ ਨਹੀਂ ਦਿੱਤਾ ਗਿਆ ਤੇ ਨਾ ਹੀ ਭਾਰਤ ਆਉਣ ਲਈ ਉਸ ਦਾ ਪਾਸਪੋਰਟ ਦਿੱਤਾ ਜਾ ਰਿਹਾ ਹੈ। ਉਨ੍ਹਾਂ ਏਜੰਟ ਖ਼ਿਲਾਫ਼ ਥਾਣਾ ਕਾਹਨੂੰਵਾਨ ਸਣੇ ਐੱਸਐੱਸਪੀ ਗੁਰਦਾਸਪੁਰ ਕੋਲ ਵੀ ਲਿਖਤੀ ਸ਼ਿਕਾਇਤ ਦਿੱਤੀ ਹੋਈ ਹੈ। ਉਨ੍ਹਾਂ ਕਿਹਾ ਕਿ ਪਰ ਅਜੇ ਤੱਕ ਏਜੰਟ ਖ਼ਿਲਾਫ਼ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕੁਲਦੀਪ ਸਿੰਘ ਨੂੰ ਸਾਊਦੀ ਅਰਬ ਤੋਂ ਰਿਹਾਅ ਕਰਵਾ ਕੇ ਘਰ ਭੇਜਿਆ ਜਾਵੇ। ਉਨ੍ਹਾਂ ਕਿਹਾ ਕਿ ਕੁਲਦੀਪ ਸਿੰਘ ਦਾ ਬਜ਼ੁਰਗ ਪਿਤਾ ਤਰਲੋਕ ਸਿੰਘ ਘਰ ਚਲਾਉਣ ਤੋਂ ਅਸਮਰਥ ਹੈ।
ਇਸ ਸਬੰਧੀ ਥਾਣਾ ਮੁਖੀ ਪ੍ਰਭਜੋਤ ਸਿੰਘ ਨੇ ਕਿਹਾ ਕਿ ਪੀੜਤ ਪਰਿਵਾਰ ਦੀ ਦਰਖ਼ਾਸਤ ਉੱਚ ਅਧਿਕਾਰੀਆਂ ਦੇ ਧਿਆਨ ਹਿਤ ਹੈ, ਉਨ੍ਹਾਂ ਵੱਲੋਂ ਜੋ ਵੀ ਹੁਕਮ ਹੋਵੇਗਾ ਉਸ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।