ਟ੍ਰਿਬਿਊਨ ਨਿਊਜ਼ ਸਰਵਿਸ/ਪੱਤਰ ਪ੍ਰੇਰਕ
ਅੰਮ੍ਰਿਤਸਰ/ਅਟਾਰੀ, 29 ਮਈ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਸੰਯੁਕਤ ਮੋਰਚੇ ਦੇ ਸੱਦੇ ‘ਤੇ ਪ੍ਰਧਾਨ ਕਸ਼ਮੀਰ ਸਿੰਘ ਦੀ ਅਗਵਾਈ ‘ਚ ਲੋਕਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਪ੍ਰੈਸ ਸਕੱਤਰ ਬਘੇਲ ਸਿੰਘ ਨੇ ਕਿਹਾ ਕਿ ਕੁਸ਼ਤੀ ਪਹਿਲਵਾਨ ਲੜਕੀਆਂ ਨੂੰ ਜ਼ੇਲ੍ਹਾਂ ਵਿੱਚ ਬੰਦ ਕੀਤਾ ਜਾ ਰਿਹਾ ਤੇ ਜਿਨਸੀ ਸ਼ੋਸ਼ਣ ਕਰਨ ਵਾਲਾ ਬੀਜੇਪੀ ਲੀਡਰ ਬ੍ਰਿਜ ਭੂਸ਼ਣ ਖੁੱਲ੍ਹਾ ਘੁੰਮ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਬਲਾਤਕਾਰੀ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇ। ਆਗੂਆ ਨੇ ਕਿਹਾ ਕਿ ਦੱਬੇ ਕੁੱਚਲੇ ਲੋਕਾਂ ਦੇ ਹੱਕਾਂ ਦੀ ਗੱਲ ਕਰਨ ਵਾਲੀ ਡਾ. ਨਵਸ਼ਰਨ ਕੌਰ ‘ਤੇ ਕੀਤੇ ਜਾ ਰਹੇ ਸਰਕਾਰੀ ਜਬਰ ਵਿਰੁੱਧ ਜੱਥੇਬੰਦੀ ਨੇ ਆਵਾਜ਼ ਉਠਾਈ ਅਤੇ ਇਸ ਦੇ ਨਾਲ ਜੱਥੇਬੰਦੀ ਵੱਲੋਂ ਲਟਕ ਰਹੀਆਂ ਮੰਗਾਂ ਨੂੰ ਲੈ ਕੇ ਇਹ ਮੰਗ ਪੱਤਰ ਚੁਣੇ ਹੋਏ ਸੰਸਦ ਮੈਂਬਰਾਂ ਨੂੰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਉਹ ਮੰਗਾਂ ਹਨ ਜੋ ਸਰਕਾਰ ਮੰਨ ਕੇ ਮੁੱਕਰੀ ਹੈ। ਇਹ ਮੰਗਾਂ ਸਰਕਾਰ ਨੇ ਮੰਨ ਕੇ ਲਿਖਤੀ ਰੂਪ ਵਿੱਚ ਅੰਦੋਲਨ ਵਾਪਸ ਲੈਣ ਦੀ ਅਪੀਲ ਕੀਤੀ ਸੀ। ਇਸ ਮੌਕੇ ਹੋਰ ਮੰਗਾਂ ਦੇ ਨਾਲ-ਨਾਲ ਝੂਠੇ ਕੇਸ ਬਣਾ ਕੇ ਜ਼ੇਲ੍ਹਾਂ ਵਿੱਚ ਡੱਕੇ ਬੇਕਸੂਰ ਕਿਸਾਨਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਅਨੋਖ ਸਿੰਘ, ਡਾ. ਪਰਮਿੰਦਰ ਸਿੰਘ ਪੰਡੋਰੀ, ਜਗਜੀਵਨ ਸਿੰਘ, ਪ੍ਰਗਟ ਸਿੰਘ, ਮੰਗਲ ਸਿੰਘ ਗੋਸਲ, ਜਸਪਾਲ ਧੰਗਾਈ, ਰਾਜਨ ਸਿੰਘ, ਅਜੈਬ ਸਿੰਘ, ਕੁਲਵੰਤ ਕੌਰ ਤਲਵੰਡੀ, ਕੁਲਬੀਰ ਜੇਠੂਵਾਲ, ਅਨਮੋਲ ਸਿੰਘ ਕੰਦੋਵਾਲੀ, ਹਰਪਾਲ ਕੰਦੋਵਾਲੀ ਹਾਜ਼ਰ ਸਨ।
ਸੰਸਦ ਮੈਂਬਰ ਰਿੰਕੂ ਦੀ ਗ਼ੈਰਮੌਜੂਦਗੀ ‘ਚ ਪਤਨੀ ਨੂੰ ਦਿੱਤਾ ਮੰਗ ਪੱਤਰ
ਜਲੰਧਰ (ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਜ਼ਿਲ੍ਹਾ ਜਲੰਧਰ ਲੋਕ ਸਭਾ ਮੈਂਬਰ ਸ਼ੁਸ਼ੀਲ ਕੁਮਾਰ ਰਿੰਕੂ ਨੂੰ ਕਿਸਾਨੀ ਮੰਗਾਂ ਸਬੰਧੀ ਪ੍ਰਧਾਨ ਮੰਤਰੀ ਦੇ ਨਾਮ ਮੰਗ ਪੱਤਰ ਦੇਣ ਉਨ੍ਹਾਂ ਦੀ ਜਲੰਧਰ ਰਿਹਾਇਸ਼ ‘ਤੇ ਗਏ। ਰਿੰਕੂ ਦੀ ਗੈਰਮੌਜੂਦਗੀ ਵਿਚ ਕਿਸਾਨ ਆਗੂਆਂ ਨੇ ਉਨ੍ਹਾਂ ਦੀ ਪਤਨੀ ਸੁਨੀਤਾ ਰਿੰਕੂ ਨੂੰ ਮੰਗ ਪੱਤਰ ਸੌਪਿਆ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮੋਹਨ ਸਿੰਘ ਬੱਲ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆ ਕੇਂਦਰ ਦੀ ਭਾਜਪਾ ਹਕੂਮਤ ਉੱਪਰ ਦਿੱਲੀ ਮੋਰਚੇ ਸਮੇਂ ਕਿਸਾਨ ਆਗੂਆਂ ਨਾਲ ਕੀਤੇ ਸਮਝੌਤੇ ਨੂੰ ਲਾਗੂ ਕਰਨ ਤੋਂ ਭੱਜਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਜਿਹੜੀ ਹਕੂਮਤ ਪਹਿਲਵਾਨਾਂ ਨੂੰ ਇੰਨਸਾਫ ਦੇਣ ਦੀ ਬਜਾਏ ਆਪਣੀ ਪਾਰਟੀ ਦੇ ਸੰਸਦ ਮੈਂਬਰ ਨੂੰ ਬਚਾਉਣ ਲਈ ਸਾਰੇ ਕਾਨੂੰਨਾਂ ਤੇ ਸੰਵਿਧਾਨ ਦੀਆਂ ਧੱਜੀਆਂ ਉਡਾ ਰਹੀ ਹੈ,ਉਸ ਕੋਲੋਂ ਆਮ ਨਾਗਰਿਕ ਇੰਨਸਾਫ ਦੀ ਕੀ ਆਸ ਕਰ ਸਕਦਾ ਹੈ। ਇਸ ਮੌਕੇ ਜ਼ਿਲ੍ਹਾ ਪ੍ਰੈਸ ਸਕੱਤਰ ਮਨਜੀਤ ਸਿੰਘ ਮਲਸੀਆਂ, ਹਰਨੇਕ ਸਿੰਘ ਮਾਲੜੀ ਮੌਜੂਦ ਸਨ।