ਪੱਤਰ ਪ੍ਰੇਰਕ
ਅੰਮ੍ਰਿਤਸਰ, 29 ਜੂਨ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋਂ ਡਾ. ਰਣਜੀਤ ਸਿੰਘ ਬਾਜਵਾ ਦੀ ਪੁਸਤਕ ‘ਸੈਮੀਓਟਿਕਸ ਆਫ ਫਿਲਮਜ਼ ਐਂਡ ਫੈਂਟੀਸੀਜ਼’ ਲੋਕ ਅਰਪਣ ਕੀਤੀ ਗਈ। ਵਿਭਾਗ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਪੁਸਤਕ ਬਾਰੇ ਕਿਹਾ ਕਿ ਇਹ ਪੁਸਤਕ ਡਾ. ਬਾਜਵਾ ਦੀ ਸਮੁੱਚੀ ਜੀਵਨ-ਸਾਧਨਾ ਦਾ ਨਿਚੋੜ ਹੈ। ਡਾ. ਸਰਬਜੋਤ ਸਿੰਘ ਬਹਿਲ ਨੇ ਕਿਹਾ ਕਿ ਕਲਾਤਮਕ ਫ਼ਿਲਮਾਂ ਵਿੱਚ ਜ਼ਿਆਦਾਤਰ ਸਾਹਿਤ ਦਾ ਫਿਲਮਾਂਕਣ ਹੋਇਆ ਵੇਖਣ ਨੂੰ ਮਿਲਦਾ ਹੈ। ਰਣਜੀਤ ਸਿੰਘ ਬਾਜਵਾ ਨੇ ਆਪਣੀ ਪੁਸਤਕ ਬਾਰੇ ਆਪਣੇ ਤਜਰਬੇ ਸਾਂਝੇ ਕੀਤੇ ਤੇ ਕਿਹਾ ਕਿ ਉਨ੍ਹਾਂ ਦੀ ਇਹ ਪੁਸਤਕ ਸੱਤ ਸਾਲਾਂ ਦੀ ਮਿਹਨਤ ਤੇ ਸਿਰੜ ਦੀ ਉਪਜ ਹੈ। ਡਾ. ਧਰਮ ਸਿੰਘ ਨੇ ਆਦਿ ਸਿਨੇਮੇ ਨੂੰ ਬੌਧਿਕਤਾ ਭਰਪੂਰ ਮੰਨਿਆ ਅਤੇ ਅਜੋਕੇ ਸਿਨੇਮਾ ਜਗਤ ਨੂੰ ਬੌਧਿਕਤਾ ਤੋਂ ਵਿਹੂਣਾ ਦੱਸਿਆ। ਡਾ. ਬਿਕਰਮ ਸਿੰਘ ਘੁੰਮਣ ਨੇ ਕਿਹਾ ਕਿ ਇਹ ਪੁਸਤਕ ਵਿਦਿਆਰਥੀਆਂ ਲਈ ਇਕ ਨਵੀਨ ਵਿਸ਼ਾ ਹੈ, ਜਿਸ ਤੋਂ ਭਵਿੱਖ ਵਿਚ ਅਜਿਹੀ ਖੋਜ ਦੀਆਂ ਹੋਰ ਸੰਭਾਵਨਾਵਾਂ ਉਜਾਗਰ ਹੋਣਗੀਆਂ। ਡਾ. ਸੁਖਦੇਵ ਸਿੰਘ ਅਤੇ ਡਾ. ਜਗਰੂਪ ਸਿੰਘ ਸੇਖੋਂ ਨੇ ਵੀ ਪੁਸਤਕ ਬਾਰੇ ਮੁੱਲਵਾਨ ਵਿਚਾਰ ਪੇਸ਼ ਕੀਤੇ। ਸਮਾਗਮ ਦਾ ਸੰਚਾਲਨ ਡਾ. ਹਰਿੰਦਰ ਕੌਰ ਸੋਹਲ ਨੇ ਕੀਤਾ।