ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 6 ਜੂਨ
ਮੇਅਰ ਕਰਮਜੀਤ ਸਿੰਘ ਰਿੰਟੂ ਅਤੇ ਕੈਬਨਿਟ ਮੰਤਰੀ ਓਪੀ ਸੋਨੀ ਅਤੇ ਨਿਗਮ ਕਮਿਸ਼ਨਰ ਕੋਮਲ ਮਿੱਤਲ ਨੇ ਇੱਕ ਸਮਾਗਮ ਦੌਰਾਨ ਅੰਮ੍ਰਿਤਸਰ ਸਬੰਧੀ ਚਿੱਤਰਕਾਰੀ ਨਾਲ ਭਰਪੂਰ ਕੌਫ਼ੀ ਟੇਬਲ ਬੁੱਕ ‘ਅੰਮ੍ਰਿਤਸਰ: ਸਿਟੀ ਇਨ ਰਿਮੈਂਬਰੈਂਸ’ ਲੋਕ ਅਰਪਿਤ ਕੀਤੀ ਅਤੇ ‘ਅੰਮ੍ਰਿਤਸਰ ਗਾਈਡ’ ਨਾਂ ਦੀ ਐਪ ਦੀ ਸ਼ੁਰੂਆਤ ਕੀਤੀ। ਮੇਅਰ ਰਿੰਟੂ ਨੇ ਕਿਹਾ ਕਿ ਇਹ ਟੇਬਲ ਬੁੱਕ ‘ਹਿਰਦੇ ਪ੍ਰਾਜੈਕਟ’ ਦੁਨੀਆਂ ਦੇ ਸੈਰ ਸਪਾਟਾ ਨਕਸ਼ੇ ’ਤੇ ਉਭਾਰਨ ਦਾ ਉਪਰਾਲਾ ਹੈ। ਉਨ੍ਹਾਂ ਨੇ ਇਸ ਐਪ ਨੂੰ ਅੰਮ੍ਰਿਤਸਰ ਪ੍ਰਤੀ ਜਾਣਕਾਰੀ ਭਰਪੂਰ ਤੇ ਲਾਹੇਵੰਦ ਦੱਸਦਿਆਂ ਕਿਹਾ ਕਿ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਚ ਲੱਖਾਂ ਸੈਲਾਨੀ ਤੇ ਸ਼ਰਧਾਲੂ ਦੇਸ਼ਾਂ ਵਿਦੇਸ਼ਾਂ ਤੋਂ ਆਉਂਦੇ ਹਨ, ਜਿਨ੍ਹਾਂ ਲਈ ਇਹ ਮੋਬਾਈਲ ਐਪ ਲਾਹੇਬੰਦ ਹੋਵੇਗੀ।
ਜ਼ਿਕਰਯੋਗ ਹੈ ਕਿ ਇਸ ਬੁੱਕ ਲਈ ਪ੍ਰਭਾਵਸ਼ਾਲੀ ਤਸਵੀਰਾਂ ਰਘੂ ਰਾਏ ਦੀਆਂ ਹਨ ਅਤੇ ਇਸ ਦੇ ਸੰਪਾਦਕੀ ਆਰਟਿਸਟ ਗੁਰਮੀਤ ਰਾਏ ਦੇ ਹਨ। 280 ਪੰਨਿਆਂ ਦੀ ਕਿਤਾਬ ’ਚ ਅੰਮ੍ਰਿਤਸਰ ਦੇ ਸੱਭਿਆਚਾਰਕ ਅਤੇ ਸ਼ਹਿਰੀ ਜਨ ਜੀਵਨ ਬਾਰੇ ਜਾਣਕਾਰੀ ਦਿੱਤੀ ਗਈ ਹੈ। ਕੈਬਿਨਟ ਮੰਤਰੀ ਸੋਨੀ ਨੇ ਮੇਅਰ ਕਰਮਜੀਤ ਸਿੰਘ ਰਿੰਟੂ ਤੇ ਉਨ੍ਹਾਂ ਦੀ ਸਮੁੱਚੀ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਦੀ ਵਿਰਾਸਤ ਨੂੰ ਦਰਸਾਉਂਦੀ ਇਹ ਕਿਤਾਬ ਲੋਕ ਅਰਪਿਤ ਹੋਣ ਨਾਲ ਦੇਸ਼ ਵਿਦੇਸ਼ ਤੋਂ ਆਏ ਸੈਲਾਨੀਆਂ ਨੂੰ ਸੱਭਿਆਚਾਰ ਬਾਰੇ ਪਤਾ ਲੱਗੇਗਾ। ਮੋਬਾਈਲ ਐਪ ਰਾਹੀਂ ਸੈਲਾਨੀਆਂ ਨੂੰ ਆਸਾਨੀ ਹੋਵੇਗੀ।
ਇਸ ਮੌਕੇ ਵਿਧਾਇਕ ਸੁਨੀਲ ਦੱਤੀ ਤੇ ਇੰਦਰਬੀਰ ਸਿੰਘ ਬੁਲਾਰੀਆ, ਡੀਸੀ ਗੁਰਪ੍ਰੀਤ ਸਿੰਘ ਖਹਿਰਾ, ਪੁਲੀਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਚੇਅਰਮੈਨ ਨਗਰ ਸੁਧਾਰ ਟਰੱਸਟ ਦਿਨੇਸ਼ ਬੱਸੀ, ਵਾਈਸ ਚਾਂਸਲਰ ਡਾ. ਜਸਪਾਲ ਸਿੰਘ, ਪ੍ਰੋ. ਸਰਬਜੋਤ ਸਿੰਘ, ਪ੍ਰਿੰਸੀਪਲ ਡਾ. ਮਹਿਲ ਸਿੰਘ ਤੇ ਡੀ.ਐਸ ਰਟੌਲ ਅਤੇ ਨਾਟਸ਼ਾਲਾ ਦੇ ਮੁਖੀ ਡਾ. ਜਤਿੰਦਰ ਬਰਾੜ ਹਾਜ਼ਰ ਸਨ।