ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 26 ਅਕਤੂਬਰ
ਪੰਜਾਬੀ ਦੇ ਉੱਘੇ ਪ੍ਰਕਾਸ਼ਕ ਮੋਹਨ ਸਿੰਘ ਰਾਹੀ (90) ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਊਹ ਪਿਛਲੇ ਡੇਢ ਸਾਲ ਤੋਂ ਬਿਮਾਰ ਸਨ। ਉਨ੍ਹਾਂ ਦਾ ਸਸਕਾਰ ਭਲਕੇ 11 ਵਜੇ ਗੁਰਦੁਆਰਾ ਸ਼ਹੀਦਾਂ ਸਾਹਿਬ ਨੇੜਲੇ ਸ਼ਮਸ਼ਾਨਘਾਟ ਵਿਚ ਕੀਤਾ ਜਾਵੇਗਾ। ਊਨ੍ਹਾਂ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਦੀਪ ਦਵਿੰਦਰ ਸਿੰਘ, ਸ਼ਾਇਰ ਦੇਵ ਦਰਦ, ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਸ਼ਾਇਰ ਮਲਵਿੰਦਰ ਸਿੰਘ, ਸਰਬਜੀਤ ਸਿੰਘ ਸੰਧੂ, ਹਰਜੀਤ ਸਿੰਘ ਸੰਧੂ, ਡਾ. ਹਰਚੰਦ ਸਿੰਘ ਬੇਦੀ, ਦਿਲਜੀਤ ਸਿੰਘ ਬੇਦੀ, ਜਸਵੰਤ ਸਿੰਘ ਜੱਸ ਨੇ ਦੁਖ ਪ੍ਰਗਟਾਇਆ ਹੈ। ਸ੍ਰੀ ਰਾਹੀ ਦਾ ਬੇਟਾ ਤਜਿੰਦਰਪਾਲ ਸਿੰਘ ਰਵੀ ਪ੍ਰਕਾਸ਼ਨ ਅਦਾਰੇ ਨੂੰ ਚਲਾ ਰਿਹਾ ਹੈ। ਪ੍ਰਕਾਸ਼ਨਾ ਦੇ ਖੇਤਰ ਵਿਚ ਸ੍ਰੀ ਰਾਹੀ ਦਾ ਵੱਡਾ ਯੋਗਦਾਨ ਹੈ। ਉਨ੍ਹਾਂ 1400 ਤੋਂ ਵੱਧ ਪੁਸਤਕਾਂ ਛਾਪੀਆਂ। ਊਨ੍ਹਾਂ ਨੇ 1970 ਵਿਚ ਪੁਸਤਕ ਪ੍ਰਕਾਸ਼ਨਾ ਅਤੇ ਲਾਇਬ੍ਰੇਰੀਆਂ ਨੂੰ ਪੁਸਤਕਾਂ ਦੀ ਸਪਲਾਈ ਦਾ ਕੰਮ ਸ਼ੁਰੂ ਕੀਤਾ ਸੀ। ਊਨ੍ਹਾਂ ਚਾਰ ਪੁਸਤਕਾਂ ਦਾ ਸੰਪਾਦਨ ਵੀ ਕੀਤਾ, ਜਿਨ੍ਹਾਂ ਵਿਚ ‘ਪੰਜਾਬ ਦੇ ਲੋਕ ਨਾਚ’, ‘ਪੰਜਾਬ ਦੇ ਲੋਕ ਗੀਤ’, ‘ਪੰਜਾਬੀ ਗਜ਼ਲ’ ਅਤੇ ‘ਪੰਜਾਬ ਦੇ ਬੋਲ’ ਸ਼ਾਮਲ ਹਨ।