ਪੱਤਰ ਪ੍ਰੇਰਕ
ਅੰਮ੍ਰਿਤਸਰ, 16 ਮਾਰਚ
ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਜ਼ਿਲ੍ਹੇ ਦੇ ਸਾਰੇ ਐੱਸਡੀਐੱਮ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਹਦਾਇਤ ਕੀਤੀ ਹੈ ਕਿ ਵੋਟਾਂ ਦੌਰਾਨ ਜ਼ਿਲ੍ਹਾ ਵਾਸੀਆਂ ਦੇ ਜੋ ਕੰਮ ਬਕਾਇਆ ਪਏ ਹਨ, ਉਹ ਪਹਿਲ ਦੇ ਆਧਾਰ ਉਤੇ ਨਬਿੇੜੇ ਜਾਣ। ਉਨ੍ਹਾਂ ਕਿਹਾ ਕਿ ਇਨ੍ਹਾਂ ਬਕਾਇਆ ਪਏ ਕੰਮਾਂ ਤੋਂ ਇਲਾਵਾ ਰੋਜ਼ਮਰਾ ਦੇ ਕੰਮਾਂ ਲਈ ਦਫ਼ਤਰਾਂ ਵਿੱਚ ਆਉਂਦੇ ਸਾਰੇ ਲੋਕਾਂ ਦੇ ਦਫ਼ਤਰੀ ਕੰਮ ਨਾਲੋਂ-ਨਾਲ ਨਿਪਟਾਏ ਜਾਣ। ਸ੍ਰੀ ਖਹਿਰਾ ਨੇ ਕਿਹਾ ਕਿ ਵੋਟਾਂ ਦੌਰਾਨ ਸਾਰੀ ਮਸ਼ੀਨਰੀ ਚੋਣਾਂ ਕਰਵਾਉਣ ਵਿੱਚ ਰੁੱਝੀ ਰਹਿਣ ਕਾਰਨ ਲੋਕਾਂ ਦੇ ਬਹੁਤ ਸਾਰੇ ਕੰਮ ਦਫ਼ਤਰਾਂ ਵਿੱਚ ਬਕਾਇਆ ਪਏ ਹਨ।